ਸਮੁੰਦੜਾ, 11 ਅਪ੍ਰੈਲ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਓਲਡ ਆਰਮੀ ਯੂਨਾਈਟਿਡ ਫੁੱਟਬਾਲ ਕਲੱਬ ਗੜ੍ਹਸ਼ੰਕਰ ਅਤੇ ਆਪਣਾ ਪੰਜਾਬ ਕਮੇਟੀ ਵੱਲੋਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਮਜਾਰੀ, ਰੈਫ਼ਰੀ ਕੁਲਵਿੰਦਰ ਸਿੰਘ ਗੋਰਾ ਅਤੇ ਜਸਪਾਲ ਸਿੰਘ ਮੱਟੀ ਦੀ ਯਾਦ ਨੂੰ ਸਮਰਪਿਤ 40 ਸਾਲ ਤੋਂ ਵੱਧ ਉਮਰ ਵਾਲੇ ਖਿਡਾਰੀਆਂ ਦਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ | ਟੂਰਨਾਮੈਂਟ ਦਾ ਉਦਘਾਟਨ ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ | ਇਸ ਮੌਕੇ ਉਹਨਾਂ ਕਿਹਾ ਕਿ 40 ਸਾਲ ਤੋਂ ਜ਼ਿਆਦਾ ਉਮਰ ਹੋ ਜਾਣ ਦੇ ਬਾਵਜੂਦ ਵੀ ਖਿਡਾਰੀਆਂ ਵੱਲੋਂ ਮੈਦਾਨਾਂ ਵਿੱਚ ਫੁੱਟਬਾਲ ਖੇਡਣਾ ਅੱਜ ਦੀ ਨੌਜਵਾਨ ਪੀੜੀ ਅਤੇ ਬੱਚਿਆਂ ਲਈ ਬੜੀ ਹੀ ਪ੍ਰੇਰਨਾ ਵਾਲੀ ਗੱਲ ਹੈ | ਇਸ ਮੌਕੇ ਹੋਏ ਫੁੱਟਬਾਲ ਮੁਕਾਬਲਿਆਂ ਵਿੱਚ ਸਿੰਘ ਸਰਦਾਰ ਹਰੀ ਸਿੰਘ ਨਲੂਆ ਕਲੱਬ ਨੇ ਔੜ ਬਲਾਕ, ਡੁਮੇਲੀ ਫੁੱਟਬਾਲ ਕਲੱਬ ਨੇ ਬਲਾਚੌਰ ਸੈਕੰਡ, ਓਲਡ ਆਰਮੀ ਯੂਨਾਈਟਿਡ ਫੁੱਟਬਾਲ ਕਲੱਬ ਗੜ੍ਹਸ਼ੰਕਰ ਨੇ ਨਵਾਂਸ਼ਹਿਰ ਮਾਰਨਿੰਗ ਅਤੇ ਮਾਹਿਲਪੁਰ ਮਾਰਨਿੰਗ ਫੁੱਟਬਾਲ ਕਲੱਬ ਨੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਬੰਗਾ ਨੂੰ ਹਰਾ ਕੇ ਆਪੋ ਆਪਣੀਆਂ ਜਿੱਤਾਂ ਦਰਜ ਕੀਤੀਆਂ | ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਹਰੇਕ ਟੀਮ ਨੂੰ 2500 ਰੁਪਏ ਮਾਣ ਭੱਤਾ ਦਿੱਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ 13 ਅਪ੍ਰੈਲ ਨੂੰ ਫੁੱਟਬਾਲ ਟੂਰਨਾਮੈਂਟ ਦੀ ਸਮਾਪਤੀ ਮੌਕੇ ਜਿੱਤਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਐਡਵੋਕੇਟ ਜਸਵੀਰ ਸਿੰਘ ਰਾਏ, ਜਸਵੰਤ ਸਿੰਘ ਭੱਠਲ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਅਜਾਇਬ ਸਿੰਘ ਚੱਕ ਗੁੱਜਰਾਂ, ਕੁਲਵਿੰਦਰ ਸਿੰਘ ਸਮੁੰਦੜਾ, ਮਨਜੀਤ ਸਿੰਘ ਪਨਾਮ, ਸੱਜਣ ਸਿੰਘ ਧਮਾਈ, ਗੁਰਦੇਵ ਸਿੰਘ ਖ਼ਾਲਸਾ, ਸਤਨਾਮ ਸਿੰਘ ਚੱਕ ਗੁਰੂ, ਸੁਨੀਲ ਕੁਮਾਰ ਗੋਲਡੀ, ਕਮਲਜੀਤ ਸਿੰਘ ਗਿੱਲ, ਰਾਣਾ ਹੇਮਰਾਜ ਸਮੁੰਦੜਾ, ਰਾਮ ਤੀਰਥ ਸਿੰਘ, ਪਾਲੀ ਸਮੁੰਦੜਾ ਆਦਿ ਵੀ ਹਾਜ਼ਰ ਸਨ |