ਬੰਗਾ, 11 ਅਪ੍ਰੈਲ (ਧਰਮਵੀਰ ਪਾਲ) - ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ 'ਚ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਸੱਭਿਆਚਾਰਕ ਸ਼ਾਨ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਦੀ ਰੰਗੀਨ ਵਿਰਾਸਤ ਅਤੇ ਸਮਾਜਿਕ ਮੁੱਲਾਂ ਨੂੰ ਸੁੰਦਰ ਢੰਗ ਨਾਲ ਪ੍ਰਸਤੁਤ ਕੀਤਾ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਮੈਡਮ ਅਤੇ ਮੈਨੇਜਮੈਂਟ ਮੈਂਬਰਾਂ ਦੇ ਸਵਾਗਤ ਨਾਲ ਹੋਈ, ਜਿਸ ਨਾਲ ਪ੍ਰੋਗਰਾਮ ਨੂੰ ਇੱਕ ਗੰਭੀਰ ਅਤੇ ਸ਼ਾਨਦਾਰ ਮਾਹੌਲ ਮਿਲਿਆ | ਇਸ ਤੋਂ ਉਪਰੰਤ ਜਮਾਤ ਗਿਆਰਵੀਂ (ਐਮਾ) ਦੀ ਵਿਦਿਆਰਥਣ ਮਿਸ ਜੈਸਿਕਾ ਨੇ ਵਿਸਾਖੀ ਬਾਰੇ ਸੁੰਦਰ ਭਾਸ਼ਣ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਨੇ ਇਸ ਤਿਉਹਾਰ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਦੀ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਵਿਆਖਿਆ ਕੀਤੀ | ਸਮਾਗਮ ਨੂੰ ਰੰਗੀਨ ਬਣਾਉਂਦਿਆਂ ਜਮਾਤ ਛੇਵੀਂ ਫ੍ਰਾਸਟ ਦੇ ਵਿਦਿਆਰਥੀਆਂ ਨੇ ਮੇਲੇ ਵਿਚ ਧਮਾਲਾਂ ਗੀਤ 'ਤੇ ਮਨਮੋਹਕ ਪ੍ਰਸਤੁਤੀ ਦਿੱਤੀ | ਇਸ ਤੋਂ ਬਾਅਦ ਜਮਾਤ 7ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਜੋਸ਼ੀਲੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਜਮਾਤ 11ਵੀਂ ਫ੍ਰਾਸਟ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਵਿਸਾਖੀ 'ਤੇ ਇੱਕ ਭਾਵਪੂਰਨ ਕਵਿਤਾ ਸੁਣਾ ਕੇ ਸਭ ਦਾ ਦਿਲ ਜਿੱਤ ਲਿਆ | ਇਸੇ ਦੌਰਾਨ ਜਮਾਤ 10ਵੀਂ ਐਮਾ ਦੀ ਨਿਮਰਤ ਕੌਰ ਨੇ ਡਾ. ਬੀ.ਆਰ. ਅੰਬੇਡਕਰ ਬਾਰੇ ਪ੍ਰੇਰਣਾਦਾਇਕ ਭਾਸ਼ਣ ਪੇਸ਼ ਕੀਤਾ | ਸਮਾਗਮ ਦਾ ਮੁੱਖ ਆਕਰਸ਼ਣ ਪਿ੍ੰਸੀਪਲ ਮੈਡਮ ਦਾ ਸੰਬੋਧਨ ਰਿਹਾ, ਜਿਸ ਵਿੱਚ ਉਨ੍ਹਾਂ ਨੇ ਸਭ ਨੂੰ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਮੁੱਲਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਆਪਣੇ ਖਾਸ ਸੱਭਿਆਚਾਰਕ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਸਾਖੀ ਸਿਰਫ਼ ਫਸਲ ਦੀ ਕਟਾਈ ਦਾ ਤਿਉਹਾਰ ਨਹੀਂ, ਸਗੋਂ ਸਾਡੀ ਪਹਿਚਾਣ, ਏਕਤਾ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ | ਉਨ੍ਹਾਂ ਜਲਿਆਂਵਾਲਾ ਬਾਗ ਦੇ ਹੱਤਿਆਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਇਸ ਮੌਕੇ 'ਤੇ ਪੰਜਾਬੀ ਸੱਭਿਆਚਾਰ ਦੇ ਮਹੱਤਵ ਅਤੇ ਇਸਦੀ ਅਣਮੁੱਲੀ ਵਿਰਾਸਤ ਨੂੰ ਉਜਾਗਰ ਕੀਤਾ |