ਸੜੋਆ, 11 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)- ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਮਾਹੀਪੁਰ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਕਰਦਿਆਂ ਪ੍ਰੋਜੈਕਟ ਡਾਇਰੈਕਟਰ ਸ: ਚਮਨ ਸਿੰਘ ਨੇ ਕਿਹਾ ਕਿ ਨਸ਼ਾ ਕੋਈ ਵੀ ਹੋਵੇ, ਉਹ ਬਹੁਤ ਹੀ ਖ਼ਤਰਨਾਕ ਹੈ, ਇਸ ਕਰਕੇ ਨਸ਼ਾ ਕਰਨ ਨਾਲ ਸਾਡਾ ਸਰੀਰ ਨੂੰ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਨਸਾਨ ਦਾ ਜੀਵਨ ਅਨਮੋਲ ਹੈ, ਇਸ ਨੂੰ ਨਸ਼ਿਆਂ ਦੇ ਲੇਖੇ ਨਹੀ ਲਗਾਉਣਾ ਚਾਹੀਦਾ | ਉਨ੍ਹਾ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿਆਦਾਤਰ ਨਸ਼ਿਆਂ ਦਾ ਰੁਝਾਨ ਬਚਪਨ ਜਾਂ ਨਸ਼ਾ ਕਰਨ ਵਾਲੇ ਦੀ ਸੰਗਤਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਇਸ ਕਰਕੇ ਸਾਨੂੰ ਆਪਣੇ ਬੱਚਿਆਂ ਖਾਸ ਕਰਕੇ ਸਕੂਲਾਂ 'ਚ ਪੜ੍ਹਦੇ ਬੱਚਿਆਂ 'ਤੇ ਵਿਸ਼ੇਸ਼ ਤੌਰ 'ਤੇ ਨਿਗਰਾਨੀ ਰੱਖਣ ਦੀ ਜਰੂਰਤ ਹੈ | ਇਸ ਮੌਕੇ ਨੀਲਮ ਕੁਮਾਰੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਮਾਹੀਪੁਰ ਨੇ ਰੈੱਡ ਕਰਾਸ ਕੇਂਦਰ ਨਵਾਂਸ਼ਹਿਰ ਦੀ ਟੀਮ ਦਾ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਨਸ਼ਾਂ ਕੇਂਦਰ ਨਵਾਂਸ਼ਹਿਰ ਵਿਖੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦਿੱਤੀ ਜਾਣਕਾਰੀ ਦਾ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਮੈਡਮ ਮਮਤਾ ਰਾਣੀ, ਤਮੰਨਾ, ਕੁਲਵਿੰਦਰ ਕੌਰ, ਪ੍ਰੀਤੋ, ਕਰਨਵੀਰ, ਮਦਨ ਲਾਲ, ਦਵਿੰਦਰ ਕੁਮਾਰ, ਜੋਗਿੰਦਰ ਪਾਲ ਪੰਚ, ਦਵਿੰਦਰ ਕੁਮਾਰ, ਰਾਮ ਪਾਲ, ਮਦਨ ਲਾਲ, ਅਸ਼ੋਕ ਕੁਮਾਰ ਚੇਚੀ ਅਤੇ ਸਕੂਲੀ ਵਿਦਿਆਰਥੀ ਵੀ ਹਾਜਰ ਸਨ |