ਬਲਾਚੌਰ, 8 ਮਈ (ਦੀਦਾਰ ਸਿੰਘ ਬਲਾਚੌਰੀਆ)-ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਜਲਦੀ ਖੁਲ੍ਹਵਾਉਣ ਲਈ ਈ. ਟੀ. ਟੀ. 6635 ਅਧਿਆਪਕ ਫਰੰਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ | ਇਸ ਸੰਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ ਸੁਖਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿਚ ਹਜ਼ਾਰਾਂ ਅਧਿਆਪਕ ਪਿਛਲੇ ਚਾਰ ਸਾਲਾਂ ਤੋਂ ਆਪਣੇ ਘਰਾਂ ਤੋਂ ਦੂਰ ਦੁਰੇਡੇ ਸਟੇਸ਼ਨਾਂ 'ਤੇ ਸਮਰਪਣ ਦੀ ਭਾਵਨਾਂ ਨਾਲ ਸੇਵਾਵਾਂ ਨਿਭਾਉਂਦਿਆਂ ਮਾਨਸਿਕ ਤੇ ਸਰੀਰਿਕ ਪ੍ਰੇਸ਼ਾਨੀ ਝੱਲ ਰਹੇ ਹਨ ਪਰ ਪੰਜਾਬ ਸਰਕਾਰ ਅੱਗੇ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਇਸ ਮੰਗ ਨੂੰ ਅੱਖੋਂ ਪਰੋਖੇ ਕਰ ਰਹੀ ਹੈ, ਜਿਸ ਕਾਰਨ ਬੀਤੇ ਦਿਨੀਂ ਆਨਲਾਈਨ ਮੀਟਿੰਗ ਦੌਰਾਨ ਸੂਬਾਈ ਕਨਵੀਨਰ ਸੁਖਚੈਨ ਸਿੰਘ ਵਲੋਂ ਸਰਕਾਰ ਤੋਂ ਮੰਗ ਕੀਤੀ ਕਿ ਮੌਜੂਦਾ ਇਕ ਹਫਤੇ ਵਿਚ ਬਦਲੀ ਪੋਰਟਲ ਖੋਲਿ੍ਹਆ ਜਾਵੇ ਨਹੀ ਤਾਂ ਸਰਕਾਰ ਖ਼ਿਲਾਫ਼ ਸੂਬਾ ਪੱਧਰ 'ਤੇ ਵੱਡਾ ਮੋਰਚਾ ਖੋਲਿ੍ਹਆ ਜਾਵੇਗਾ |