ਬੰਗਾ, 16 ਮਈ (ਧਰਮਵੀਰ ਪਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਲੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤੇ ਮਾਮੂਲੀ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ | ਇਸ ਵਾਧੇ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਸੁਖਵਿੰਦਰ ਸਿੰਘ ਬੱਲੋਵਾਲ ਨੇ ਕਿਹਾ ਕਿ ਡੀਜ਼ਲ, ਖਾਦਾਂ, ਕੀਟਨਾਸ਼ਕ ਦਵਾਈਆਂ, ਲੇਬਰ ਤੇ ਹੋਰ ਰੋਜ਼ ਵਰਤੋ ਦੀਆਂ ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲਾਗਤ ਕਈ ਗੁਣਾ ਵਧ ਗਈ ਹੈ ਪਰ ਝੋਨੇ ਦੇ ਭਾਅ ਵਿਚ ਨਾ ਮਾਤਰ ਵਾਧਾ ਕਰਕੇ ਸਰਕਾਰ ਨੇ ਕਿਸਾਨਾਂ ਦੇ ਜਖਮਾਂ 'ਤੇ ਲੂਣ ਛਿੜਕਿਆ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਫਸਲਾਂ ਦੇ ਰੇਟ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਐਲਾਨੇ ਜਾਣ ਜਦੋਂ ਤੱਕ ਲਾਗਤ ਤੇ ਮੁਨਾਫਾ ਜੋੜ ਕੇ ਭਾਅ ਨਹੀਂ ਦਿੱਤਾ ਜਾਂਦਾ ਕਿਸਾਨ ਕਰਜ਼ੇ 'ਚੋਂ ਨਹੀਂ ਨਿਕਲ ਸਕਦੇ | ਉਨ੍ਹਾਂ ਕਿਹਾ ਕਿ ਮੌਜੂਦਾ ਵਾਧਾ ਮਹਿੰਗਾਈ ਦੀ ਦਰ ਦੇ ਮੁਕਾਬਲੇ ਕੁੱਝ ਵੀ ਨਹੀਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜਨ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ ਅਤੇ ਜਦੋਂ ਕਿਸਾਨ ਦੀ ਆਪਣੀ ਵਾਰੀ ਆਉਂਦੀ ਹੈ ਤੇ ਫਸਲਾਂ ਦੀ ਖਰਾਬੀ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ | ਹੁਣ ਵੀ ਦੋ ਚਾਰ ਦਿਨ ਪਹਿਲਾਂ ਕਈ ਜ਼ਿਲਿ੍ਹਆਂ 'ਚ ਹਦਵਾਣਿਆਂ ਦੀ ਫਸਲ ਸੀ ਉਹ ਵੀ ਐਹਣ ਦੇ ਨਾਲ ਖਰਾਬ ਹੋ ਗਈ ਅਤੇ ਮੱਕੀ ਦੀ ਫਸਲ ਵੀ ਖਰਾਬ ਹੋਈ ਉਸ ਦਾ ਵੀ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਆਗੂ ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੱਲੋਵਾਲ, ਜਸਪ੍ਰੀਤ ਸਿੰਘ ਜੀਂਦੋਵਾਲ, ਜਸਪਾਲ ਸਿੰਘ ਮੱਲਾ ਸੋਡੀਆ, ਗੁਰਸੇਵ ਸਿੰਘ ਨੂਰਪੁਰ, ਗੁਰਨੇਕ ਸਿੰਘ ਖੜਕੜ ਕਲਾਂ, ਸੰਤੋਖ ਸਿੰਘ ਝੰਡੇਰ ਤੇ ਹੋਰ ਵੀ ਕਿਸਾਨ ਵੀਰ ਆਗੂ ਹਾਜ਼ਰ ਸਨ |