ਮਜਾਰੀ/ਸਾਹਿਬਾ, 21 ਜੂਨ (ਨਿਰਮਲਜੀਤ ਸਿੰਘ ਚਾਹਲ)-ਦਰਬਾਰ ਲੱਖ ਦਾਤਾ ਪੀਰ ਭੈਰੋਂ ਜਤੀ ਮੰਦਰ ਚੁਸ਼ਮਾ ਪਿੰਡ ਸਿੰਬਲ ਮਜਾਰਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਸੁਖੀ ਸਾਂਦੀ ਸਿਰੇ ਚੜ੍ਹਿਆ ਅਤੇ ਸ਼ਾਨੋ ਸ਼ੌਕਤ ਨਾਲ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਮੇਲੇ ਦੇ ਆਖਰੀ ਤੇ ਤੀਜੇ ਦਿਨ ਪੰਜਾਬ ਦੇ ਉੱਘੇ ਕਲਾਕਾਰਾਂ ਬਲਰਾਜ ਬਿਲਗਾ ਤੇ ਗਾਇਕਾ ਮੈਡਮ ਅਮਨ ਰੋਜੀ ਵਲੋਂ ਆਪਣੇ-ਆਪਣੇ ਫਨ ਦਾ ਮੁਜਾਰਾ ਕਰਦਿਆਂ ਜਿਥੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਉਥੇ ਧਾਰਮਿਕ ਤੇ ਸੱਭਿਆਚਾਰਕ ਗਾਣਿਆਂ ਨਾਲ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ। ਸ਼ਾਮ ਵੇਲੇ ਛਿੰਝ ਮੇਲਾ ਕਰਵਾਇਆ, ਜਿਸ ਵਿਚ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ 80 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਇਕ ਨੰਬਰ ਦੀ ਕੁਸ਼ਤੀ ਪਹਿਲਵਾਨ ਸ਼ੇਰਾ ਬਾਬਾ ਫਲਾਈ ਨੇ ਪਹਿਲਵਾਨ ਅਬਿਨਾਇਕ ਯੂ. ਪੀ. ਨੂੰ ਹਰਾ ਕੇ ਜਿੱਤੀ, ਜਿਸ ਨੂੰ ਪ੍ਰਬੰਧਕਾਂ ਵਲੋਂ ਕ੍ਰਮਵਾਰ ਇਕ ਲੱਖ ਰੁਪਏ ਅਤੇ 80 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪਟਕੇ ਦੀ ਦੋ ਨੰਬਰ ਦੀ ਕੁਸ਼ਤੀ ਪਰਮਿੰਦਰ ਪੱਟੀ ਨੇ ਪਹਿਲਵਾਨ ਨਦੀਨ ਜੰਮੂ ਨੂੰ ਹਰਾ ਕੇ ਜਿੱਤੀ। ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਕਰਮਵਾਰ 40 ਹਜ਼ਾਰ ਰੁਪਏ ਤੇ 30 ਹਜ਼ਾਰ ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਪਟਕੇ ਦੀ ਤਿੰਨ ਨੰਬਰ ਦੀ ਕੁਸ਼ਤੀ ਗੁਰਬਖਸ਼ ਸਿੰਘ ਵਲੋਂ ਕਰਵਾਈ ਗਈ ਜੋ ਪਹਿਲਵਾਨ ਯੋਧਾ ਲਲੀਆਂ ਅਤੇ ਕਮਲ ਬਾੜੋਵਾਲ ਵਿਚਕਾਰ ਬਰਾਬਰ ਰਹੀ। ਦੋਵਾਂ ਪਹਿਲਵਾਨਾਂ ਨੂੰ 21000 ਰੁਪਏ ਦੀ ਸਾਂਝੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਸਿੰਬਲ ਮਜਾਰਾ, ਜੋਗਾ ਸਿੰਘ ਜੈਨਪੁਰ, ਮੱਖਣ ਸਿੰਘ ਰੁੜਕੀ ਮੁਗਲਾਂ, ਗੁਰਬਖਸ਼ ਸਿੰਘ, ਅਵਤਾਰ ਸਿੰਘ ਪਵਿਆਲ, ਮੱਖਣ ਸਿੰਘ ਪਨੇਸਰ, ਸੂਬੇ: ਸੁਰਜੀਤ ਸਿੰਘ, ਕੁਲਦੀਪ ਸਿੰਘ ਰੁੜਕੀ, ਕਮਲਦੀਪ ਸਿੰਘ, ਚੈਂਚਲ ਸਿੰਘ, ਸੁਖਵਿੰਦਰ ਸਿੰਘ ਬਿੱਟੂ ਸਿੰਬਲ ਮਜਾਰਾ, ਸਤਨਾਮ ਸਿੰਘ, ਰੇਸ਼ਮ ਸਿੰਘ ਬੋਬੀ, ਜੱਸੀ ਚਣਕੋਆ, ਅਵਤਾਰ ਰਾਏ ਤੋਂ ਇਲਾਵਾ ਇਲਾਕੇ ਪੱਧਰ ਦੀਆਂ ਮਹਾਨ ਸ਼ਖ਼ਸੀਅਤਾਂ ਹਾਜ਼ਰ ਰਹੀਆਂ।