ਕਾਠਗੜ੍ਹ, 9 ਜੁਲਾਈ (ਹਰਸਿਮਰਨਜੋਤ ਸਿੰਘ ਕਲੇਰ) - ਆਗਾਮੀ ਬਰਸਾਤੀ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਅਤੇ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ ਲਗਾਤਾਰ ਅਹਿਮ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨਿਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀਆਂ ਹਨ। ਇਸੇ ਤਹਿਤ ਇਤਿਹਾਸਕ ਪਿੰਡ ਕਾਠਗੜ੍ਹ ਦੀ ਮਹਿਲਾ ਸਰਪੰਚ ਰਿਸ਼ੂ ਬਾਲਾ ਵੱਲੋਂ ਹੜ੍ਹਾਂ ਦੇ ਸੰਭਾਵਿਤ ਖ਼ਤਰੇ ਨਾਲ ਨਿਪਟਣ ਲਈ ਪਹਿਲ ਦੇ ਆਧਾਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡ ਦੀਆਂ ਦੋਵੇਂ ਪੰਚਾਇਤਾਂ ਦੇ ਸਾਂਝੇ ਯਤਨਾਂ ਸਦਕਾ ਪਿੰਡਾਂ ਦੇ ਵਿਚਕਾਰੋਂ ਲੰਘਣ ਵਾਲੇ ਕਾਠਗੜ੍ਹ ਚੋਅ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਸਫ਼ਾਈ ਦੀ ਘਾਟ ਕਾਰਨ ਕਈ ਵਾਰ ਭਾਰੀ ਬਰਸਾਤ ਦੇ ਦਿਨਾਂ ਵਿੱਚ ਹੜ੍ਹਾਂ ਦਾ ਪਾਣੀ ਥਾਣਾ ਕਾਠਗੜ੍ਹ ਦੇ ਅੰਦਰ ਤੱਕ ਭਰ ਚੁੱਕਾ ਹੈ ਤੇ ਇਸ ਦੇ ਨਾਲ ਹੀ ਕਾਠਗੜ੍ਹ ਦੇ ਵਾਰਡ ਨੰਬਰ ਛੇ ਦੇ ਬਹੁਤ ਸਾਰੇ ਘਰਾਂ ਦਾ ਵੀ ਵੱਡਾ ਨੁਕਸਾਨ ਹੋ ਚੁੱਕਾ ਹੈ। ਇਸ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਜਾਣਕਾਰੀ ਦਿੰਦਿਆਂ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਲਿਖਤੀ ਮੰਗ ਪੱਤਰ ਭੇਜਿਆ ਗਿਆ ਸੀ। ਇਸ ਮੰਗ ਪੱਤਰ ਵਿੱਚ ਅਪੀਲ ਕੀਤੀ ਗਈ ਸੀ ਕਿ ਮੀਹਾਂ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ ਚੋਅ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਣੋਂ ਬਚਾਇਆ ਜਾ ਸਕੇ। ਇਸ ਮੰਗ ’ਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਸ਼ਾਸਨ ਵੱਲੋਂ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਤਹਿਤ ਸੜਕ ਦੇ ਇੱਕ ਪਾਸੇ ਵਾਲੇ ਚੋਅ ਦੀ ਸਫ਼ਾਈ ਮੁਕੰਮਲ ਕਰ ਦਿੱਤੀ ਗਈ ਹੈ। ਹਾਲਾਂਕਿ, ਚੋਅ ਦੇ ਦੂਜੇ ਪਾਸੇ ਅਜੇ ਵੀ ਭਾਰੀ ਮਾਤਰਾ ਵਿੱਚ ਘਾਹ-ਫੂਸ, ਬੂਟੀ ਅਤੇ ਮਿੱਟੀ ਜਮ੍ਹਾਂ ਹੋਈ ਪਈ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਦੂਜੇ ਹਿੱਸੇ ਦੀ ਵੀ ਤੁਰੰਤ ਸਫ਼ਾਈ ਕਰਵਾ ਦਿੱਤੀ ਜਾਵੇ ਤਾਂ ਹੜ੍ਹਾਂ ਦਾ ਸੰਭਾਵਿਤ ਖ਼ਤਰਾ ਪੂਰੀ ਤਰ੍ਹਾਂ ਟਲ ਸਕਦਾ ਹੈ। ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇਸ ਫ਼ੈਸਲੇ ਲਈ ਹਲਕਾ ਵਿਧਾਇਕਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਚੋਅ ਦਾ ਬਕਾਇਆ ਰਹਿੰਦਾ ਸਫ਼ਾਈ ਦਾ ਕੰਮ ਵੀ ਬਹੁਤ ਜਲਦ ਮੁਕੰਮਲ ਕਰਵਾ ਦਿੱਤਾ ਜਾਵੇਗਾ।
ਕਾਠਗੜ੍ਹ ਪੰਚਾਇਤ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਤੇਜ਼, ਚੋਅ ਦੀ ਸਫ਼ਾਈ ਦਾ ਕੰਮ ਸ਼ੁਰੂ
ਅਜੀਤ ਡੈਸਕ
10-07-2026