ਸੜੋਆ, 11 ਜੁਲਾਈ (ਹਰਮੇਲ ਸਹੂੰਗੜਾ) - ਪਿੰਡ ਸੜੋਆ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਖੇਡ ਸਟੇਡੀਅਮ ਵਿੱਚ ਠੇਕੇਦਾਰ ਦੀ ਵੱਡੀ ਨਾਕਾਮੀ ਅਤੇ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸਟੇਡੀਅਮ ਦੇ ਚੱਲ ਰਹੇ ਸੁਸਤ ਨਿਰਮਾਣ ਕਾਰਜ ਕਾਰਨ ਇੱਥੇ ਬਣੀ ਇੱਕ ਖੁੱਲ੍ਹੀ ਹੌਦੀ ਵਿੱਚ ਡਿੱਗਣ ਨਾਲ ਇੱਕ ਗਊ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਤੇ ਸਥਾਨਕ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਤੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਬਣਾਇਆ ਜਾ ਰਿਹਾ ਇਹ ਖੇਡ ਸਟੇਡੀਅਮ ਪਿਛਲੇ ਕਾਫੀ ਸਮੇਂ ਤੋਂ ਬਹੁਤ ਹੀ ਸੁਸਤ ਰਫ਼ਤਾਰ ਨਾਲ ਬਣ ਰਿਹਾ ਹੈ। ਠੇਕੇਦਾਰ ਵੱਲੋਂ ਸੁਰੱਖਿਆ ਦੇ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ, ਰੋਜ਼ਾਨਾ ਛੋਟੇ-ਛੋਟੇ ਬੱਚੇ ਖੇਡਣ ਲਈ ਆਉਂਦੇ ਹਨ। ਜੇਕਰ ਸਮਾਂ ਰਹਿੰਦੇ ਇਸ ਲਾਪਰਵਾਹੀ ਨੂੰ ਨਾ ਸੁਧਾਰਿਆ ਗਿਆ ਤਾਂ ਕੱਲ੍ਹ ਨੂੰ ਕੋਈ ਹੋਰ ਵੱਡਾ ਹਾਦਸਾ ਵਾਪਰ ਸਕਦਾ ਹੈ। ਆਪ ਆਗੂ ਤੇ ਬਲਾਕ ਸੰਮਤੀ ਮੈਂਬਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਪ੍ਰਵੀਨ ਵਸ਼ਿਸ਼ਟ ਤੇ ਬਲਾਕ ਸੰਮਤੀ ਮੈਂਬਰ ਸ਼ਾਮ ਲਾਲ ਚੌਧਰੀ ਨੇ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਠੇਕੇਦਾਰ ਦੀ ਨਾਕਾਮੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਅਣਗਹਿਲੀ ਲਈ ਜੋ ਵੀ ਅਧਿਕਾਰੀ ਜਾਂ ਠੇਕੇਦਾਰ ਜ਼ਿੰਮੇਵਾਰ ਹੈ, ਉਸ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਪਿੰਡ ਦੇ ਮੈਂਬਰ ਪੰਚਾਇਤ ਪਰਮਜੀਤ ਕੁਮਾਰ ਪੰਚ, ਸੁਖਵਿੰਦਰ ਸਿੰਘ ਚੌਧਰੀ, ਦੇਸ ਰਾਜ ਰਾਣਾ, ਸੁਰਿੰਦਰ ਪਾਲ, ਅਸ਼ੋਕ ਪਟਵਾਰੀ, ਦੀਪਾ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।