03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਤਲੁਜ ਦਰਿਆ ’ਚ ਮਗਰਮੱਛ ਦਿਖਣ ਦੀ ਖ਼ਬਰ ਮਗਰੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੀਆਂ ਟੀਮਾਂ ਰੈਸਕਿਊ ਲਈ ਪਹੁੰਚੀਆਂ

Ad Position 21
No active advertisement
ਅਜੀਤ ਡੈਸਕ 12-07-2026
ਕਾਠਗੜ੍ਹ, 11 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਬਲਾਚੌਰ-ਰੋਪੜ ਬਾਈਪਾਸ ‘ਤੇ ਸਤਲੁਜ ਦਰਿਆ ਉੱਪਰ ਬਣੇ ਪੁੱਲ ਦੇ ਹੇਠਾਂ ਉਸ ਸਮੇਂ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦਰਿਆ ਵਿੱਚ ਨਹਾਉਣ ਗਏ ਬੱਚਿਆਂ ਨੇ ਪਾਣੀ ਵਿੱਚ ਇੱਕ ਵੱਡਾ ਮਗਰਮੱਛ ਜਾਂ ਘੜਿਆਲ ਦੇਖਿਆ। ਇਸ ਖਤਰਨਾਕ ਜੀਵ ਨੂੰ ਦੇਖਦਿਆਂ ਹੀ ਬੱਚਿਆਂ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਬੱਚਿਆਂ ਵੱਲੋਂ ਇਸ ਜੀਵ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਬਣਾਈਆਂ ਗਈਆਂ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅਧੀਨ ਪੈਂਦੀ ਆਸਰੋਂ ਚੌਂਕੀ ਦੇ ਨੇੜੇ ਸਥਿਤ ਪ੍ਰੇਮ ਨਗਰ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਰਹਿੰਦੇ ਹਨ। ਇਸ ਇਲਾਕੇ ਦੇ ਬੱਚੇ ਅਕਸਰ ਸਤਲੁਜ ਦਰਿਆ ਦੇ ਇਸ ਪੁਲ ਹੇਠਾਂ ਨਹਾਉਣ ਲਈ ਜਾਂਦੇ ਰਹਿੰਦੇ ਹਨ ਅਤੇ ਲੋਕ ਆਪਣੇ ਪਸ਼ੂ ਵੀ ਇੱਥੇ ਨਹਿਲਾਉਂਦੇ ਹਨ। ਜਦੋਂ ਪ੍ਰੇਮ ਨਗਰ ਦੇ ਕੁਝ ਬੱਚੇ ਬਿਨਾਂ ਕਿਸੇ ਨੂੰ ਦੱਸੇ ਦਰਿਆ ਵਿੱਚ ਨਹਾ ਰਹੇ ਸਨ ਤਾਂ ਉਨ੍ਹਾਂ ਨੇ ਅਚਾਨਕ ਪਾਣੀ ਵਿੱਚ ਇਸ ਜਾਨਵਰ ਨੂੰ ਦੇਖਿਆ। ਦੱਸਿਆ ਜਾ ਰਿਹਾ ਹੈ ਕਿ ਪਿੱਛੋਂ ਆ ਰਹੇ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਜੰਗਲੀ ਜੀਵ ਰੁੜ੍ਹ ਕੇ ਇਸ ਇਲਾਕੇ ਵਿੱਚ ਆ ਗਿਆ ਹੈ। ਜੰਗਲੀ ਜੀਵ ਵਿਭਾਗ ਦੇ ਅਨੁਸਾਰ ਇਹ ਜੀਵ ਮਗਰਮੱਛ ਜਾਂ ਘੜਿਆਲ ਵਿੱਚੋਂ ਕੋਈ ਵੀ ਹੋ ਸਕਦਾ ਹੈ, ਜਿਸ ਦੀ ਅਸਲ ਪੁਸ਼ਟੀ ਉਸ ਨੂੰ ਕਾਬੂ ਕਰਨ ਤੋਂ ਬਾਅਦ ਹੀ ਹੋ ਸਕੇਗੀ। ਕਿਉਂਕਿ ਇੱਥੇ ਬੱਚਿਆਂ ਅਤੇ ਪਸ਼ੂਆਂ ਦੀ ਆਮਦ ਰਹਿੰਦੀ ਹੈ, ਇਸ ਲਈ ਕਿਸੇ ਵੱਡੀ ਅਣਸੁਖਾਵੀਂ ਘਟਨਾ ਦਾ ਖਦਸ਼ਾ ਬਣਿਆ ਹੋਇਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ। ਬਚਾਅ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਆਸਰੋਂ ਚੌਕੀ ਦੇ ਇੰਚਾਰਜ ਸੰਦੀਪ ਕੁਮਾਰ ਸ਼ਰਮਾ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ ਤਾਂ ਜੋ ਲੋਕਾਂ ਨੂੰ ਦਰਿਆ ਵੱਲ ਜਾਣ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਜੰਗਲੀ ਜੀਵ ਵਿਭਾਗ ਗੜ੍ਹਸ਼ੰਕਰ ਨੂੰ ਵੀ ਚੌਕਸ ਕਰ ਦਿੱਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜੰਗਲੀ ਜੀਵ ਵਿਭਾਗ ਦੇ ਸੀਨੀਅਰ ਅਧਿਕਾਰੀ ਚਰਨਜੀਤ ਸਿੰਘ ਚੰਨੀ ਅਤੇ ਵਿਭਾਗ ਦੇ ਅਧਿਕਾਰੀ ਕੁਲਦੀਪ ਕੁਮਾਰ ਨੂੰ ਵੀ ਇਸ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਜਲਦ ਤੋਂ ਜਲਦ ਇਸ ਜੀਵ ਨੂੰ ਫੜਿਆ ਜਾ ਸਕੇ। ਖਬਰ ਲਿਖੇ ਜਾਣ ਤੱਕ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਵਿਸ਼ੇਸ਼ ਟੀਮ ਮੌਕੇ ‘ਤੇ ਪੁੱਜ ਚੁੱਕੀ ਸੀ ਅਤੇ ਇਸ ਖਤਰਨਾਕ ਜੰਗਲੀ ਜੀਵ ਨੂੰ ਸੁਰੱਖਿਅਤ ਢੰਗ ਨਾਲ ਰੈਸਕਿਊ ਕਰਨ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਜਾਰੀ ਸਨ। ਪ੍ਰਸ਼ਾਸਨ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਤੱਕ ਇਹ ਰੈਸਕਿਊ ਆਪ੍ਰੇਸ਼ਨ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤੱਕ ਬੱਚਿਆਂ ਅਤੇ ਪਸ਼ੂਆਂ ਨੂੰ ਦਰਿਆ ਦੇ ਕਿਨਾਰਿਆਂ ਤੋਂ ਦੂਰ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ ਵਲੋਂ ਐਸ. ਆਈ. ਆਰ. ਅਧੀਨ ਚੱਲ ਰਹੇ ਕੰਮਕਾਜ ਦਾ ਨਿਰੀਖਣ
Ad Position 24
No active advertisement