ਜਾਡਲਾ, 11 ਜੁਲਾਈ (ਹਰਕੰਵਲ ਸਿੰਘ ਕੌਲਗੜ੍ਹ) - ਪੰਜਾਬ ਦੇ ਇਤਿਹਾਸ ਦੇ ਸੰਵੇਦਨਸ਼ੀਲ ਦੌਰ ਨੂੰ ਪਰਦੇ ’ਤੇ ਪੇਸ਼ ਕਰਨ ਵਾਲੀ ਫ਼ਿਲਮ ਸਤਲੁਜ ਇਨ੍ਹੀਂ ਦਿਨੀਂ ਦੇਸ਼-ਵਿਦੇਸ਼ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਫ਼ਿਲਮ ਨੇ ਨਾ ਸਿਰਫ਼ ਪੰਜਾਬੀਆਂ, ਸਗੋਂ ਮਨੁੱਖੀ ਅਧਿਕਾਰਾਂ ਅਤੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਲੇਖਕ ਅਤੇ ਮੁਲਾਜ਼ਮ ਆਗੂ ਗੁਰਨੇਕ ਸਿੰਘ ਸ਼ੇਰ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਵੱਖ-ਵੱਖ ਜਨਤਕ ਮੰਚਾਂ ਤੱਕ ਇਸ ਫ਼ਿਲਮ ਬਾਰੇ ਲਗਾਤਾਰ ਵਿਚਾਰ-ਵਟਾਂਦਰਾ ਜਾਰੀ ਹੈ। ਫ਼ਿਲਮ ਦੀ ਚਰਚਾ ਦਾ ਮੁੱਖ ਕਾਰਨ ਇਸ ਵੱਲੋਂ ਪੰਜਾਬ ਦੇ ਇੱਕ ਦਰਦਨਾਕ ਦੌਰ ਨੂੰ ਪਰਦੇ ’ਤੇ ਉਭਾਰਨ ਦੀ ਕੋਸ਼ਿਸ਼ ਨੂੰ ਮੰਨਿਆ ਜਾ ਰਿਹਾ ਹੈ। ਮੁਲਾਜ਼ਮ ਆਗੂ ਦਾ ਕਹਿਣਾ ਹੈ ਕਿ ਇਹ ਫ਼ਿਲਮ ਇਤਿਹਾਸ ਦੇ ਉਨ੍ਹਾਂ ਪੱਖਾਂ ਬਾਰੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਨ੍ਹਾਂ ’ਤੇ ਲੰਬੇ ਸਮੇਂ ਤੋਂ ਬਹਿਸ ਹੁੰਦੀ ਰਹੀ ਹੈ। ਇਸ ਕਾਰਨ ਪੰਜਾਬ ਤੋਂ ਬਾਹਰ ਰਹਿੰਦੇ ਪ੍ਰਵਾਸੀ ਪੰਜਾਬੀਆਂ ਵਿੱਚ ਵੀ ਫ਼ਿਲਮ ਨੂੰ ਲੈ ਕੇ ਖਾਸ ਦਿਲਚਸਪੀ ਵੇਖੀ ਜਾ ਰਹੀ ਹੈ। ਗੁਰਨੇਕ ਸਿੰਘ ਸ਼ੇਰ ਨੇ ਕਿਹਾ ਕਿ ਕਿਸੇ ਵੀ ਫ਼ਲਿਮ ਦਾ ਇੰਨੀ ਤੇਜ਼ੀ ਨਾਲ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਜਾਣਾ ਆਪਣੇ ਆਪ ਵਿੱਚ ਅਸਾਧਾਰਣ ਹੈ। ਸਤਲੁਜ ਨੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਵਰਗਾਂ ਨੂੰ ਇੱਕ ਸਾਂਝੀ ਚਰਚਾ ਵਿੱਚ ਜੋੜ ਦਿੱਤਾ ਹੈ। ਫ਼ਿਲਮ ਦੇ ਸਮਰਥਕ ਇਸ ਨੂੰ ਇਤਿਹਾਸ ਨਾਲ ਸੰਵਾਦ ਦੀ ਇੱਕ ਮਹੱਤਵਪੂਰਨ ਕੋਸ਼ਿਸ਼ ਦੱਸ ਰਹੇ ਹਨ, ਜਦਕਿ ਕੁਝ ਵਰਗ ਇਸ ਦੇ ਵੱਖ-ਵੱਖ ਪਹਿਲੂਆਂ ’ਤੇ ਆਪਣੀ ਰਾਇ ਪ੍ਰਗਟ ਕਰ ਰਹੇ ਹਨ ਪਰ ਇੱਕ ਗੱਲ ਸਪੱਸ਼ਟ ਹੈ ਕਿ ਸਤਲੁਜ ਨੇ ਭੂਗੋਲਿਕ ਸਰਹੱਦਾਂ ਤੋਂ ਪਰੇ ਜਾ ਕੇ ਦੁਨੀਆ ਭਰ ਦੇ ਪੰਜਾਬੀਆਂ ਤੇ ਹੋਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ।