ਨਵਾਂਸ਼ਹਿਰ, 11 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਨਵਾਂਸ਼ਹਿਰ ਨਗਰ ਕੌਂਸਲ ਦੇ ਅਧਿਕਾਰ ਖੇਤਰ ’ਚ ਸੀਵਰੇਜ ਦੇ ਨੰਗੇ ਅਤੇ ਟੁੱਟੇ ਹੋਏ ਮੇਨ ਹੋਲ ਕਿਸੇ ਵੇਲੇ ਵੀ ਕਿਸੇ ਵੱਡੇ ਜਾਨ ਲੇਵਾ ਹਾਦਸੇ ਦਾ ਸਬੱਬ ਬਣ ਸਕਦੇ ਹਨ। ਅਜਿਹਾ ਉਸ ਸਮੇਂ ਹੋਰ ਵੀ ਹੈਰਾਨੀ ਪੈਦਾ ਕਰਦਾ ਹੈ ਕਿ ਇਹ ਨੰਗਾ ਮੇਨ ਹੋਲ ਹਲਕਾ ਬੰਗਾ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਇੱਕ ਅਹਿਮ ਅਦਾਰੇ ਦੇ ਚੇਅਰਮੈਨ ਡਾਕਟਰ ਸੁਖਵਿੰਦਰ ਸੁੱਖੀ ਦੇ ਘਰ ਅੱਗੇ ਮੁੱਖ ਦੁਆਰ ਤੋਂ ਕੁੱਝ ਹੀ ਫੁੱਟ ਦੂਰੀ ’ਤੇ ਗੁਰਦੁਆਰਾ ਗੁਰੂ ਅੰਗਦ ਨਗਰ ਵਾਲੀ ਗਲੀ ਨੰਬਰ 2 ਵਿਚ ਹੈ। ਇਸ ਸਬੰਧੀ ਜਦੋਂ ਮੁਹੱਲਾ ਵਾਸੀਆਂ ਵਲੋਂ ਵਾਰਡ ਦੀ ਕੌਂਸਲਰ ਬੀਬੀ ਨਾਲ਼ ਗੱਲ ਕੀਤੀ ਤਾਂ ਉਸ ਨੇ ਸਪਸ਼ਟ ਸ਼ਬਦਾਂ ’ਚ ਆਖਿਆ ਕਿ ਜਿਹਨਾਂ ਦੀ ਸਰਕਾਰ ਹੈ ਉਹਨਾਂ ਨੂੰ ਕਿਉਂ ਨਹੀਂ ਆਖਦੇ। ਸੇਵਾ ਮੁਕਤ ਪ੍ਰਿੰਸੀਪਲ ਅਤੇ ਹਲਕਾ ਵਿਧਾਇਕ ਦੇ ਘਰਾਂ ਵਿਚਕਾਰ ਪਿਛਲੇ ਲੰਬੇ ਸਮੇਂ ਦਾ ਉੱਖੜਿਆ ਹੋਇਆ ਇਹ ਮੇਨ ਹੋਲ ਬਰਸਾਤ ਦੇ ਦਿਨਾਂ ਵਿੱਚ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ ਹੀ ਕਈ ਮੇਨਹੋਲ ਢੱਕਣਾਂ ਦੀ ਹਾਲਤ ਮੁਹੱਲਾ ਵਿਕਾਸ ਨਗਰ, ਸਲੋਹ ਰੋਡ ਦੀ ਹੈ। ਬਰਸਾਤੀ ਮੌਸਮ ਹੋਣ ਕਾਰਨ ਇਹ ਨੰਗੇ ਮੇਨ ਹੋਲ ਪਹਿਲ ਦੇ ਆਧਾਰ ’ਤੇ ਠੀਕ ਕਰਵਾਏ ਜਾਣ।