ਬਲਾਚੌਰ, 22 ਜੁਲਾਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਸੈਂਕੜੇ ਕਾਂਗਰਸੀ ਵਰਕਰਾਂ ਨੇ ਵਾਰ-ਵਾਰ ਹੋ ਰਹੇ ਪੇਪਰ ਲੀਕ ਅਤੇ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ਿਆਂ ਦੀ ਮੰਗ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮੰਗੂਪੁਰ ਨੇ ਕਿਹਾ ਕਿ ਦੇਸ਼ ਵਿੱਚ ਲਗਭਗ ਹਰ ਮੁਕਾਬਲੇ ਦੀ ਪ੍ਰੀਖਿਆ ਦਾ ਪੇਪਰ ਲੀਕ ਹੋ ਰਿਹਾ ਹੈ ਅਤੇ ਸਿੱਖਿਆ ਪ੍ਰਣਾਲੀ ਦੇ ਪ੍ਰਬੰਧ ਵਿੱਚ ਪੂਰੀ ਤਰ੍ਹਾਂ ਅਵਿਵਸਥਾ ਫੈਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਐਸ.ਈ ਵੀ ਗਲਤ ਮੁਲਾਂਕਣ ਕਰਕੇ ਵਿਦਿਆਰਥੀਆਂ ਨਾਲ ਇਨਸਾਫ਼ ਕਰਨ ਵਿੱਚ ਨਾਕਾਮ ਰਹੀ ਹੈ ਪਰ ਸਰਕਾਰ ਨੂੰ ਇਸਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਪੇਪਰ ਲੀਕ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਦਿੱਲੀ ਪੁਲਿਸ ਨੇ ਉਨ੍ਹਾਂ ਨਾਲ ਬੇਰਹਿਮੀ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਜਪਾ ਲੋਕਤੰਤਰੀ ਸਰਕਾਰ ਨਹੀਂ, ਸਗੋਂ ਤਾਨਾਸ਼ਾਹੀ ਚਲਾ ਰਹੀ ਹੈ ਜਿੱਥੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਵੀ ਤੰਜ ਕੱਸਦਿਆਂ ਕਿਹਾ ਕਿ ਇੱਕ ਪਾਸੇ ਉਹ ਕੇਂਦਰੀ ਸਿੱਖਿਆ ਮੰਤਰੀ ਤੋਂ ਪੇਪਰ ਲੀਕ ਮਾਮਲਿਆਂ ‘ਤੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ ਜਦਕਿ ਦੂਜੇ ਧਿਰ ਪੰਜਾਬ ਵਿੱਚ ਹੋਏ ਕਈ ਪੇਪਰ ਲੀਕ ਮਾਮਲਿਆਂ ਦੇ ਬਾਵਜੂਦ ਆਪਣੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਨੂੰ ਵੀ ਉਹੀ ਕਰਨਾ ਚਾਹੀਦਾ ਹੈ, ਜੋ ਉਹ ਦੂਜਿਆਂ ਨੂੰ ਕਰਨ ਲਈ ਕਹਿੰਦੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਈ ਵੱਡੇ ਪੱਧਰ ’ਤੇ ਪੇਪਰ ਲੀਕ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਫਾਰਮਾਸਿਸਟ ਭਰਤੀ ਪ੍ਰੀਖਿਆ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦਾ ਲੀਕ ਹੋਣਾ ਸ਼ਾਮਲ ਹੈ। ਉਨ੍ਹਾਂ ਨੇ ਪੁੱਛਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਵਿੱਚ ਕੀ ਕਾਰਵਾਈ ਕੀਤੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਸ ਮੌਕੇ ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਅੰਮ੍ਰਿਤਪਾਲ ਭੋਸਲੇ ਜ਼ਿਲ੍ਹਾ ਕੋਆਰਡੀਨੇਟਰ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਧਰਮਪਾਲ ਸਾਬਕਾ ਚੇਅਰਮੈਨ, ਨਾਨਕ ਸਿੰਘ ਬਾਂਠ ਚੇਅਰਮੈਨ, ਹਰਜੀਤ ਸਿੰਘ ਜਾਡਲੀ ਜਨਰਲ ਸਕੱਤਰ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਕੁਲਦੀਪ ਕੁਮਾਰ ਦੀਪਾ ਬਲਾਕ ਪ੍ਰਧਾਨ ਕਿਸਾਨ ਸੈੱਲ ਬਲਾਚੌਰ, ਜਤਿੰਦਰ ਸਿੰਘ ਬਲਾਕ ਪ੍ਰਧਾਨ ਕਿਸਾਨ ਸੈੱਲ ਸੜੋਆ, ਹੇਮੰਤ ਕੁਮਾਰ ਮੰਡਲ ਪ੍ਰਧਾਨ, ਰਾਜੂ ਬੂੰਗੜੀ ਜਨਰਲ ਸਕੱਤਰ, ਕੇਵਲ ਕ੍ਰਿਸ਼ਨ ਮੀਤ ਪ੍ਰਧਾਨ, ਮੋਹਿੰਦਰ ਪਾਲ ਮੀਤ ਪ੍ਰਧਾਨ, ਨਰਿੰਦਰ ਘਈ ਟਿੰਕੂ ਸਾਬਕਾ ਪ੍ਰਧਾਨ, ਲਾਲ ਚੇਚੀ ਪ੍ਰਧਾਨ ਯੂਥ, ਜਿੰਦਰ ਕੁਮਾਰ ਪ੍ਰਧਾਨ ਐਸ.ਸੀ. ਸੈੱਲ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਨਰੇਸ਼ ਚੇਚੀ ਕੌਂਸਲਰ, ਪਾਨੀ ਕੁਮਾਰ ਕੌਂਸਲਰ, ਹਰਮੇਸ਼ ਬਿੱਲਾਂ ਪ੍ਰਧਾਨ, ਹਰਪ੍ਰੀਤ ਹੈਰੀ ਯੂਥ ਪ੍ਰਧਾਨ, ਅਵਤਾਰ ਸਿੰਘ ਓ.ਬੀ.ਸੀ ਚੇਅਰਮੈਨ, ਸੁਰਿੰਦਰ ਸ਼ਿੰਦਾ ਪ੍ਰਧਾਨ, ਸੋਨੂੰ ਪ੍ਰੇਮਨਗਰ, ਸੋਮਨਾਥ ਤੱਕਲਾ ਸੀਨੀਅਰ ਮੀਤ ਪ੍ਰਧਾਨ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।