ਮਜਾਰੀ/ਸਾਹਿਬਾ, 23 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਤਹਿਸੀਲ ਬਲਾਚੌਰ ਦੇ ਆਗੂਆਂ ਦੀ ਮੀਟਿੰਗ ਪਿੰਡ ਭਾਰਾਪੁਰ ਵਿਖੇ ਅਜਮੇਰ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵਿਧਾਨ ਸਭਾ ਹਲਕਾ ਬਲਾਚੌਰ ਦੇ ਹਲਕਾ ਇੰਚਾਰਜ ਹਨੀ ਟੌਂਸਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਹਨੀ ਟੌਂਸਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਦਿਆਂ ਪਾਰਟੀ ਦੀ ਮਜਬੂਤੀ ਲਈ ਪਿੰਡਾਂ ਦੇ ਹਰ ਬੂਥ ’ਤੇ ਬੂਥ ਕਮੇਟੀਆਂ ਬਣਾਉਣ ਲਈ ਬੂਥ ਇੰਚਾਰਜਾਂ ਨਾਲ ਮੀਟਿੰਗ ਕਰਕੇ ਸਲਾਹ ਮਸ਼ਵਰਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਤਰੀ ਵਿੰਗ ਦਾ ਵਿਸਥਾਰ ਕਰਦਿਆਂ ਮਨਪ੍ਰੀਤ ਕੌਰ ਭਾਰਾਪੁਰ ਨੂੰ ਸਰਕਲ ਮਜਾਰੀ ਦੇ ਪ੍ਰਧਾਨ ਥਾਪ ਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਹਨੀ ਟੌਂਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਲਚੌਰ ਹਲਕੇ ਵਿੱਚ ਅਕਾਲੀ ਦਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਨਿਰਾਸ਼ ਵਰਕਰ ਆਪ ਮੁਹਾਰੇ ਅਕਾਲੀ ਦਲ ਨਾਲ ਜੁੜ ਰਹੇ ਹਨ। ਆਉਣ ਵਾਲੇ ਸਮੇਂ ਵਿਚ ਹਲਕਾ ਬਲਾਚੌਰ ਅੰਦਰ ਅਕਾਲੀ ਦਲ ਪਹਿਲੇ ਵਾਲੀ ਲੈਅ ਵਿੱਚ ਆ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ ਮਜਾਰੀ, ਅਜਮੇਰ ਸਿੰਘ ਭਾਰਾਪੁਰ, ਹਰਨੇਕ ਸਿੰਘ ਥਿਆੜਾ, ਜੋਗਿੰਦਰ ਸਿੰਘ ਅਟਵਾਲ, ਜਥੇ. ਸਤਨਾਮ ਸਿੰਘ ਸਹੂੰਗੜਾ, ਮੁਰਾਰੀ ਲਾਲ ਬੱਸੀ, ਚੌ. ਚਰਨਜੀਤ ਬਿੱਟੂ ਆਦੋਆਣਾ, ਉਂਕਾਰ ਭੂੰਬਲਾ, ਰਾਜ ਕੁਮਾਰ, ਅਸ਼ੋਕ ਚੌਧਰੀ ਟੌਂਸਾ, ਗੁਰਬਿੰਦਰ ਸਿੰਘ, ਪੁਨੀਤ ਕੁਮਾਰ, ਕਰਨਜੋਤ ਸਿੰਘ ਜਾਡਲੀ ਪ੍ਰਧਾਨ ਸਰਕਲ ਬਲਾਚੌਰ, ਬਲਿਹਾਰ ਸਿੰਘ ਮਜਾਰੀ ਤੇ ਬੀਬੀ ਜਸਪਾਲ ਕੌਰ ਆਦਿ ਹਾਜ਼ਰ ਸਨ।