06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

­ਸੜੋਆ ਦੇ ਸਕੂਲ ’ਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦਾ ਭਵਿੱਖ ਹਨੇਰੇ ’ਚ ਪ੍ਰਿੰਸੀਪਲ ਤੋਂ ਲੈ ਕੇ ਚਪੜਾਸੀ ਤੱਕ ਪੋਸਟਾਂ ਖਾਲੀ

Ad Position 21
No active advertisement
ਅਜੀਤ ਡੈਸਕ 25-07-2026
ਸੜੋਆ, 24 ਜੁਲਾਈ (ਹਰਮੇਲ ਸਹੂੰਗੜਾ) - ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ਵਿੱਚ ‘ਸਿੱਖਿਆ ਕ੍ਰਾਂਤੀ’ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਸੜੋਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਇਹਨਾਂ ਦਾਅਵਿਆਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਸਕੂਲ ਵਿੱਚ ਅਧਿਆਪਕਾਂ ਅਤੇ ਬੁਨਿਆਦੀ ਸੁਵਿਧਾਵਾਂ ਦੀ ਭਾਰੀ ਘਾਟ ਕਾਰਨ ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ, ਜਿਸ ਨਾਲ ਮਾਪਿਆਂ ਤੇ ਇਲਾਕਾ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਸੜੋਆ ਦਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਇਹ ਇਲਾਕੇ ਦਾ ਇੱਕ ਮਹੱਤਵਪੂਰਨ ਬਲਾਕ ਪੱਧਰੀ ਵਿੱਦਿਅਕ ਅਦਾਰਾ ਹੈ। ਇਸ ਦੇ ਬਾਵਜੂਦ, ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਲੋੜੀਂਦੇ ਲੈਕਚਰਾਰ ਹੀ ਮੌਜੂਦ ਨਹੀਂ ਹਨ। ਸਕੂਲ ਵਿੱਚ ਲੈਕਚਰਾਰਾਂ ਦੀਆਂ ਕੁੱਲ 8 ਮਨਜ਼ੂਰਸ਼ੁਦਾ ਅਸਾਮੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਵਿੱਚੋਂ ਸਿਰਫ਼ 1 ਲੈਕਚਰਾਰ ਹੀ ਤਾਇਨਾਤ ਹੈ, ਜਦਕਿ ਬਾਕੀ 7 ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ। ਅਧਿਆਪਕਾਂ ਦੀ ਘਾਟ ਤੋਂ ਇਲਾਵਾ ਸਕੂਲ ਵਿੱਚ ਕੋਈ ਸਥਾਈ ਪ੍ਰਿੰਸੀਪਲ ਵੀ ਤਾਇਨਾਤ ਨਹੀਂ ਹੈ, ਜਿਸ ਕਾਰਨ ਸਕੂਲ ਦਾ ਪ੍ਰਬੰਧਕੀ ਢਾਂਚਾ ਵੀ ਪ੍ਰਭਾਵਿਤ ਹੋ ਰਿਹਾ ਹੈ। ਲੈਕਚਰਾਰ ਨਾ ਹੋਣ ਕਾਰਨ ਖਾਸ ਕਰਕੇ ਸਾਇੰਸ (ਮੈਡੀਕਲ ਅਤੇ ਨਾਨ-ਮੈਡੀਕਲ) ਵਿਸ਼ਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਕੂਲ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਚਾਹੀਦਾ ਹੈ। ਉਧਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਅਗਰ ਸਕੂਲ ਵਿੱਚ ਇਹ ਹੀ ਹਾਲ ਰਿਹਾ ਤਾਂ ਅਸੀਂ ਆਪਣੇ ਬੱਚੇ ਹਟਾ ਕੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਾ ਦੇਵਾਂਗੇ। ਇਸ ਗੰਭੀਰ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰਵੀਨ ਵਸ਼ਿਸ਼ਟ, ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ, ਚੌਧਰੀ ਸੁਖਵਿੰਦਰ ਸਿੰਘ, ਸੰਮਤੀ ਮੈਂਬਰ ਜਤਿੰਦਰ ਸਿੰਘ ਦਿਆਲਾ ਤੇ ਹੋਰ ਮੈਂਬਰਾਂ ਨੇ ਵੀ ਡੂੰਘੀ ਚਿੰਤਾ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਨੀਂਹ ਹੁੰਦੀ ਹੈ ਤੇ ਵਿਦਿਆਰਥੀਆਂ ਨੂੰ ਯੋਗ ਅਧਿਆਪਕਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਉਹਨਾਂ ਮੰਗ ਕੀਤੀ ਕਿ ਸਕੂਲ ਵਿੱਚ ਲੈਕਚਰਾਰਾਂ ਤੇ ਸਥਾਈ ਪ੍ਰਿੰਸੀਪਲ ਦੀ ਘਾਟ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ। ਇਲਾਕਾ ਨਿਵਾਸੀਆਂ ਤੇ ਮਾਪਿਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸੜੋਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਖਾਲੀ ਪਈਆਂ ਲੈਕਚਰਾਰਾਂ ਦੀਆਂ ਅਸਾਮੀਆਂ ਅਤੇ ਪ੍ਰਿੰਸੀਪਲ ਦੀ ਪੋਸਟ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਅਤੇ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਜੇਕਰ ਸਿੱਖਿਆ ਵਿਭਾਗ ਦਾ ਇਹ ਹਾਲ ਰਿਹਾ ਤਾਂ ਇੱਕ ਦਿਨ ਇਸ ਸਕੂਲ ਨੂੰ ਵੀ ਤਾਲਾ ਲੱਗ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ’ਤੇ ਲਾਠੀਚਾਰਜ ਦੀ ਕਾਂਗਰਸ ਵਲੋਂ ਨਿਖੇਧੀ ਅਗਲੀ ਖ਼ਬਰ ਧਰਨੇ ’ਤੇ ਬੈਠੇ ਨੌਜਵਾਨਾਂ ’ਤੇ ਅੱਤਿਆਚਾਰ ਕਰਨਾ ਬੰਦ ਕਰੇ ਕੇਂਦਰ ਸਰਕਾਰ-ਚੇਅਰਮੈਨ ਕੰਗ
Ad Position 24
No active advertisement