ਸਕੂਲ ਆਫ ਐਮੀਨੈਂਸ ਮਹਿੰਦੀਪੁਰ ਬਲਾਚੌਰ ਵਿਖੇ ਬਿਜ਼ਨੈੱਸ ਬਲਾਸਟਰ ਮੇਲਾ ਲਗਾਇਆ
ਬਲਾਚੌਰ, 22 ਅਗਸਤ (ਨਰੇਸ਼ ਧੌਲ) - ਸਕੂਲ ਆਫ ਐਮੀਨੈਂਸ (ਮਹਿੰਦੀਪੁਰ), ਬਲਾਚੌਰ ਵਿਖੇ ਪੰਜਾਬ ਬਿਜ਼ਨੈੱਸ ਬਲਾਸਟਰ ਐਂਟਰਪ੍ਰਿਨਿਊਅਰ ਸਕੀਮ ਤਹਿਤ ਬਿਜ਼ਨੈੱਸ ਬਲਾਸਟਰ ਮੇਲਾ ਕਰਵਾਇਆ ਗਿਆ। ਮੇਲੇ ਵਿੱਚ 10+2 ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਹੁਨਰ, ਰਚਨਾਤਮਕਤਾ ਅਤੇ ਕਾਰੋਬਾਰੀ ਸੋਚ ਦਾ ਪ੍ਰਦਰਸ਼ਨ ਕੀਤਾ।
ਬਲਾਚੌਰ, 22 ਅਗਸਤ (ਨਰੇਸ਼ ਧੌਲ) - ਸਕੂਲ ਆਫ ਐਮੀਨੈਂਸ (ਮਹਿੰਦੀਪੁਰ), ਬਲਾਚੌਰ ਵਿਖੇ ਪੰਜਾਬ ਬਿਜ਼ਨੈੱਸ ਬਲਾਸਟਰ ਐਂਟਰਪ੍ਰਿਨਿਊਅਰ ਸਕੀਮ ਤਹਿਤ ਬਿਜ਼ਨੈੱਸ ਬਲਾਸਟਰ ਮੇਲਾ ਕਰਵਾਇਆ ਗਿਆ। ਮੇਲੇ ਵਿੱਚ 10+2 ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਹੁਨਰ, ਰਚਨਾਤਮਕਤਾ ਅਤੇ ਕਾਰੋਬਾਰੀ ਸੋਚ ਦਾ ਪ੍ਰਦਰਸ਼ਨ ਕੀਤਾ। ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਉਤਪਾਦਾਂ ਦੇ ਸਟਾਲ ਲਗਾਏ ਗਏ। ਬੱਚਿਆਂ ਨੇ ਗੋਲ ਗੱਪੇ, ਢੋਕਲਾ, ਦਹੀਂ, ਫਰੂਟ ਚਾਟ, ਫਰੂਟ ਕਸਟਰਡ, ਹੈਲਦੀ ਕਾਰਨ, ਪਾਵ ਭਾਜੀ, ਹਾਟ ਕਾਫੀ ਸਮੇਤ ਕਈ ਤਰ੍ਹਾਂ ਦੀਆਂ ਵਸਤਾਂ ਤਿਆਰ ਕਰਕੇ ਪ੍ਰਦਰਸ਼ਿਤ ਕੀਤੀਆਂ ਅਤੇ ਵੇਚੀਆਂ। ਮੇਲੇ ਵਿੱਚ ਅਧਿਆਪਕਾਂ, ਸਕੂਲ ਸਟਾਫ਼ ਤੇ ਹੋਰ ਹਾਜ਼ਰੀਨ ਨੇ ਵੱਖ-ਵੱਖ ਸਟਾਲਾਂ ਤੋਂ ਵਸਤਾਂ ਖਰੀਦ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਮੇਲੇ ਦਾ ਉਦਘਾਟਨ ਕਾਰਜਕਾਰੀ ਪ੍ਰਿੰਸੀਪਲ ਜਗਮੋਹਣ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਪਾਲ, ਕੌਂਸਲਰ ਪਰਮਿੰਦਰ ਪੰਮਾ, ਦਰਸ਼ਨ ਸਿੰਘ, ਭੁਪਿੰਦਰ ਰਾਜਨ, ਰਾਜ ਕੁਮਾਰ, ਮਨੀਸ਼ਾ ਵਰਮਾ, ਫਕੀਰ ਚੰਦ, ਰਵਿੰਦਰ ਸਿੰਘ, ਭੁਪਿੰਦਰ ਕੌਰ, ਗੁਰਜੀਤ ਕੌਰ, ਮਿਲਨ ਚੌਧਰੀ, ਕਮਲ ਦੇਵ, ਬਲਵੰਤ ਸਿੰਘ, ਰਾਜਵੀਰ ਕੌਰ, ਕਿਰਨਾ ਰਾਣੀ ਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਤੇ ਸਕੂਲ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਬਿਜ਼ਨੈੱਸ ਨਾਲ ਸਬੰਧਤ ਵਿਹਾਰਕ ਤਜਰਬਾ ਦੇਣ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਵਿਦਿਆਰਥੀਆਂ ਨੇ ਨਾ ਸਿਰਫ਼ ਉਤਪਾਦ ਤਿਆਰ ਕੀਤੇ, ਸਗੋਂ ਉਨ੍ਹਾਂ ਦੀ ਵਿਕਰੀ, ਗਾਹਕਾਂ ਨਾਲ ਵਿਵਹਾਰ ਤੇ ਆਮਦਨ-ਖਰਚ ਦਾ ਪ੍ਰਬੰਧਨ ਕਰਨ ਦਾ ਤਜ਼ਰਬਾ ਵੀ ਹਾਸਲ ਕੀਤਾ। ਇਸ ਮੌਕੇ ਵੰਦਨਾ ਮਨਹਾਸ, ਨੀਨਾ ਕੁਮਾਰੀ, ਸੋਨੀਆ, ਵੰਦਨਾ ਕੁਮਾਰੀ, ਵਿਜੇ ਕੁਮਾਰ ਸਮੇਤ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਅੰਦਰ ਉਦਯੋਗਪਤੀ ਬਣਨ ਦੀ ਸੋਚ, ਆਤਮ-ਵਿਸ਼ਵਾਸ ਤੇ ਵਿਹਾਰਕ ਹੁਨਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।