ਫ਼ਤਹਿਗੜ੍ਹ ਸਾਹਿਬ, 2 ਜਨਵਰੀ (ਬਲਜਿੰਦਰ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਦੇ ਨਾਂਅ ਵਿਚ ਬਦਲਾਅ ਕਰਨ ਦੇ ਫ਼ੈਸਲੇ ਦੀ ਤਿੱਖੀ ਨਿੰਦਾ ਕਰਦਿਆਂ ਕਾਂਗਰਸੀ ਆਗੂਆਂ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਭੁਪਿੰਦਰ ਸਿੰਘ ਬਧੌਛੀ, ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲ੍ਹਾ, ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨੰਬਰਦਾਰ ਅਤੇ ਜ਼ਿਲ੍ਹਾ ਪ੍ਰੈੱਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਭਾਜਪਾ ਸਿਰਫ਼ ਨਾਂਅ ਬਦਲਣ ਦੀ ਰਾਜਨੀਤੀ ਹੀ ਨਹੀਂ ਕਰ ਰਹੀ ਹੈ, ਸਗੋਂ ਗ਼ਰੀਬਾਂ ਦੇ ਰੁਜ਼ਗਾਰ 'ਤੇ ਡਾਕਾ ਮਾਰ ਕੇ ਗ਼ਰੀਬਾਂ ਨੂੰ ਖ਼ਤਮ ਕਰਨ ਦੇ ਰਾਹ 'ਤੇ ਚੱਲ ਰਹੀ ਹੈ | ਆਗੂਆਂ ਨੇ ਕਿਹਾ ਕਿ ਮਨਰੇਗਾ ਸਕੀਮ ਕਾਂਗਰਸ ਸਰਕਾਰ ਦੀ ਇਤਿਹਾਸਿਕ ਦੇਣ ਹੈ, ਜਿਸ ਨੇ ਪਿੰਡਾਂ ਦੇ ਗ਼ਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਦਿੱਤੀ | ਅੱਜ ਕੇਂਦਰ ਸਰਕਾਰ ਨਾਂਅ ਬਦਲ ਕੇ ਇਸ ਸਕੀਮ ਦੀ ਆਤਮਾ ਨੂੰ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਮਨਰੇਗਾ ਲਈ ਫ਼ੰਡ ਘਟਾਏ ਜਾ ਰਹੇ ਹਨ, ਕੰਮ ਦੇ ਦਿਨ ਘੱਟ ਰਹੇ ਹਨ ਅਤੇ ਮਜ਼ਦੂਰਾਂ ਨੂੰ ਸਮੇਂ 'ਤੇ ਮਜ਼ਦੂਰੀ ਨਹੀਂ ਮਿਲ ਰਹੀ | ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਵਾਰ ਕਰਦਿਆਂ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਅੱਗੇ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ | ਮਨਰੇਗਾ ਵਰਗੀ ਅਹਿਮ ਸਕੀਮ ਸਬੰਧੀ ਨਾ ਤਾਂ ਕੇਂਦਰ ਤੋਂ ਪੂਰਾ ਫ਼ੰਡ ਲਿਆ ਜਾ ਰਿਹਾ ਹੈ ਅਤੇ ਨਾ ਹੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਜੁਮਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ | ਇਸ ਮੌਕੇ ਸਾਬਕਾ ਸਰਪੰਚ ਤੀਰਥ ਸਿੰਘ ਸੌਂਢਾ, ਰਣਬੀਰ ਸਿੰਘ ਹੈਪੀ, ਗੁਰਜੰਟ ਸਿੰਘ ਜੱਲ੍ਹਾ, ਲਖਵਿੰਦਰ ਸਿੰਘ ਲੱਖੀ ਵੀ ਹਾਜ਼ਰ ਸਨ |