ਖਮਾਣੋਂ, 1 ਫਰਵਰੀ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਵਿਖੇ ਰਾਸ਼ਟਰੀ ਸੜਕ ਸੁਰੱਖਿਆ ਪਹਿਲਕਦਮੀ ਤਹਿਤ ਵਿਦਿਆਰਥੀਆਂ ਲਈ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਸਕੂਲ ਦੀ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਗੱਡੀ ਚਲਾਉਂਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ ਸਿਰਫ਼ ਇਕ ਨਿਯਮ ਨਹੀਂ, ਸਗੋਂ ਇਕ ਨੈਤਿਕ ਅਤੇ ਸਮਾਜਿਕ ਫਰਜ਼ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣ, ਗੱਡੀ ਚਲਾਉਣ ਮੌਕੇ ਸੀਟ ਬੈਲਟ ਲਗਾਉਣ, ਜ਼ੈਬਰਾ ਕਰਾਸਿੰਗ ਦੀ ਵਰਤੋਂ ਕਰਨ, ਟ੍ਰ੍ਰੈਫ਼ਿਕ ਲਾਈਟਾਂ ਦੀ ਪਾਲਣਾ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਤੋਂ ਬਚਣ ਵਰਗੇ ਮਹੱਤਵਪੂਰਨ ਨਿਯਮਾਂ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤੇ ਹੋਰਨਾਂ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਲਿਆ | ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਵਿਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ |