ਬਸੀ ਪਠਾਣਾਂ, 5 ਫਰਵਰੀ (ਐਚ.ਐਸ.ਗੌਤਮ)-ਨੰਬਰਦਾਰ ਯੂਨੀਅਨ ਬਲਾਕ ਬਸੀ ਪਠਾਣਾਂ ਦੀ ਇਕ ਅਹਿਮ ਮੀਟਿੰਗ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਮਹਿਦੂਦਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਹਾਜ਼ਰ ਨੰਬਰਦਾਰਾਂ ਵਲੋਂ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਨੰਬਰਦਾਰਾਂ ਨੇ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ 'ਤੇ ਨਾਰਾਜ਼ਗੀ ਜਤਾਈ ਅਤੇ ਸਰਕਾਰ ਤੋਂ ਇਹ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ | ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਗਈ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਨੰਬਰਦਾਰਾਂ ਦਾ ਮਹੀਨਾਵਾਰ ਭੱਤਾ 5 ਹਜ਼ਾਰ ਰੁਪਏ ਕਰਨਾ, ਨੰਬਰਦਾਰੀ ਜੱਦੀ-ਪੁਸ਼ਤੀ ਬਣਾਉਣਾ, ਸਰਕਾਰੀ ਦਫ਼ਤਰਾਂ ਵਿਚ ਬੈਠਣ ਲਈ ਕਮਰਾ ਅਲਾਟ ਕਰਨਾ, ਬੱਸ ਯਾਤਰਾ ਅਤੇ ਟੋਲ ਪਲਾਜ਼ਾ 'ਤੇ ਛੂਟ ਮੁਹੱਈਆ ਕਰਵਾਉਣਾ ਆਦਿ ਸ਼ਾਮਿਲ ਹਨ | ਇਸ ਮੌਕੇ ਨੰਬਰਦਾਰ ਬਿੱਕਰ ਸਿੰਘ ਉਦਲਪੁਰ, ਮੇਜਰ ਸਿੰਘ ਭੁੱਚੀ, ਹਰਮਿੰਦਰ ਸਿੰਘ ਬਸੀ ਪਠਾਣਾਂ, ਜਰਨੈਲ ਸਿੰਘ ਧੂੰਦਾ ਤੇ ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਮਹਿਦੂਦਾਂ, ਨਛੱਤਰ ਸਿੰਘ ਚੁੰਨੀ ਕਲਾਂ, ਅਮਰਜੀਤ ਸਿੰਘ ਬਡਵਾਲਾ, ਧਰਮਵੀਰ ਸਿੰਘ ਘਮੰਡਗੜ੍ਹ ਵੀ ਹਾਜ਼ਰ ਸਨ |