ਫ਼ਤਹਿਗੜ੍ਹ ਸਾਹਿਬ, 21 ਫਰਵਰੀ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਅੰਤਰਰਾਸ਼ਟਰੀ ਪੰਜਾਬੀ ਮਾਂ-ਬੋਲੀ ਦਿਵਸ ਬੜੇ ਹੀ ਉਤਸ਼ਾਹ ਅਤੇ ਸ਼ਾਨ ਨਾਲ ਮਨਾਇਆ ਗਿਆ | ਇਸ ਮੌਕੇ ਤੀਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਸੁਲੇਖ ਮੁਕਾਬਲਾ, ਕਵਿਤਾ ਗਾਇਣ, ਸਲੋਗਨ ਲਿਖਣ, ਪੋਸਟਰ ਮੇਕਿੰਗ ਅਤੇ ਕੋਲਾਜ ਮੇਕਿੰਗ ਵਿਚ ਵੱਧ-ਚੜ੍ਹ ਕੇ ਭਾਗ ਲਿਆ | ਬੱਚਿਆਂ ਨੇ ਆਪਣੀ ਰਚਨਾਤਮਿਕ ਕਾਬਲੀਅਤ ਅਤੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮਾਂ-ਬੋਲੀ ਪੰਜਾਬੀ ਇਕ ਅਜਿਹੀ ਮਿੱਠੀ ਤੇ ਪਿਆਰੀ ਬੋਲੀ ਹੈ, ਜਿਸ ਨੂੰ ਜਿਨ੍ਹਾਂ ਵੀ ਸੁਣੀਏ ਜਾਂ ਵਿਚਾਰੀਏ, ਦਿਲ ਨੂੰ ਸਕੂਨ ਅਤੇ ਖ਼ੁਸ਼ੀ ਪ੍ਰਾਪਤ ਹੁੰਦੀ ਹੈ | ਇਹ ਸਾਡੀ ਪਹਿਚਾਣ, ਸੱਭਿਆਚਾਰ ਅਤੇ ਵਿਰਾਸਤ ਦੀ ਨਿਸ਼ਾਨੀ ਹੈ | ਇਸ ਮੌਕੇ ਸਕੂਲ ਦੀ ਸੈਕਟਰੀ ਕਮ ਖ਼ਜ਼ਾਨਚੀ ਪਿ੍ਆ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ | ਜਿਵੇਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਤਿਵੇਂ ਮਾਂ-ਬੋਲੀ ਉਸ ਨੂੰ ਜੀਵਨ ਦੇ ਅਰਥ ਸਮਝਾਉਂਦੀ ਹੈ ਅਤੇ ਸਹੀ ਰਸਤੇ 'ਤੇ ਚੱਲਣ ਦੀ ਪੇ੍ਰਰਨਾ ਦਿੰਦੀ ਹੈ | ਸਕੂਲ ਦੀ ਪਿ੍ੰਸੀਪਲ ਡਾ. ਬਬੀਤਾ ਚੋਪੜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ-ਬੋਲੀ 'ਤੇ ਮਾਣ ਕਰਨਾ ਚਾਹੀਦਾ ਹੈ ਅਤੇ ਰੋਜ਼ਾਨਾ ਜੀਵਨ ਵਿਚ ਪੰਜਾਬੀ ਬੋਲਣ ਅਤੇ ਲਿਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਦਿਵਸ ਨੂੰ ਸਫਲ ਬਣਾਉਣ ਲਈ ਪੰਜਾਬੀ ਵਿਭਾਗ ਦੀਆਂ ਅਧਿਆਪਕਾਵਾਂ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਬੜੀ ਹੀ ਰੌਣਕ ਅਤੇ ਖ਼ੁਸ਼ਹਾਲ ਮਾਹੌਲ ਵਿਚ ਸੰਪੰਨ ਹੋਇਆ |