ਫ਼ਤਹਿਗੜ੍ਹ ਸਾਹਿਬ, 25 ਫਰਵਰੀ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਪ੍ਰਧਾਨਗੀ ਹੇਠ ਮਾਤਾ ਗੁਜਰੀ ਸਰਾਂ ਵਿਖੇ ਹੋਈ | ਮੀਟਿੰਗ ਵਿਚ ਪੰਜ ਬਲਾਕਾਂ ਦੀਆਂ ਆਗੂਆਂ ਨੇ ਹਿੱਸਾ ਲਿਆ | ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਲੋਕਾਂ ਨਾਲ ਕੀਤੀਆਂ ਗਰੰਟੀਆਂ ਪੂਰੀਆਂ ਨਹੀਂ ਕੀਤੀਆਂ | ਜਿਸ ਕਰਕੇ ਸੂਬੇ ਦੇ ਹਰ ਵਰਗ ਵਿਚ 'ਆਪ' ਸਰਕਾਰ ਖਿਲਾਫ਼ ਰੋਹ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਗਰੰਟੀਆਂ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਅਤੇ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਵੀ ਸ਼ਾਮਿਲ ਸੀ | ਪਰ 'ਆਪ' ਸਰਕਾਰ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉੱਤਰ ਸਕੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਫੇਸ ਰਿਕੋਗਨਾਈਜੇਸਨ ਸਿਸਟਮ ਦੇ ਤਹਿਤ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨ ਲਈ ਆਂਗਣਵਾੜੀ ਕੇਂਦਰਾਂ ਵਿਚ ਮੋਬਾਈਲ ਦੇਣੇ ਸਨ, 4 ਸਾਲ ਬੀਤਣ ਦੇ ਬਾਅਦ ਵੀ ਮੋਬਾਈਲ ਨਹੀਂ ਦਿੱਤੇ ਗਏ | ਜਦੋਂਕਿ ਵਿਭਾਗ ਦੇ ਅਕਸ ਨੂੰ ਬਚਾਉਣ ਵਾਸਤੇ ਆਂਗਣਵਾੜੀ ਵਰਕਰਾਂ ਆਪਣੇ ਮੋਬਾਈਲਾਂ ਤੇ ਕੰਮ ਕਰ ਰਹੀਆਂ ਹਨ | ਦੂਜੇ ਪਾਸੇ ਐਫ.ਆਰ.ਐਸ ਨੂੰ ਬਹਾਨਾ ਬਣਾ ਕੇ ਅਜਨਾਲੇ ਤੋਂ ਵਰਕਰਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਬਹੁਤ ਸਾਰੇ ਹੱਕ ਵੀ ਖ਼ਤਮ ਕਰ ਦਿੱਤੇ ਗਏ ਹਨ, ਨਵੀਂ ਭਰਤੀ ਵਿਚ ਇੰਟਰਵਿਊ ਦੇ ਪੰਜ ਨੰਬਰ ਸਿੱਧੇ ਤੌਰ 'ਤੇ ਭਿ੍ਸ਼ਟਾਚਾਰ ਨੂੰ ਜਨਮ ਦਿੰਦੇ ਹਨ | ਇਸ ਤੋਂ ਇਲਾਵਾ ਬੱਚਿਆਂ ਲਈ ਦਿੱਤੀ ਜਾ ਰਹੀ ਸਪਲੀਮੈਂਟਰੀ ਨਿਊਟ੍ਰੀਸ਼ਨ ਮਾਪਦੰਡਾਂ 'ਤੇ ਖਰਾ ਨਹੀਂ ਉੱਤਰਦੀ | ਆਗੂਆਂ ਨੇ ਐਲਾਨ ਕੀਤਾ ਕਿ ਐਨ.ਜੀ.ਓ. ਨੂੰ ਦਿੱਤੀ ਗਈ ਫੀਡ ਵਾਪਸ ਵਿਭਾਗ ਵਿਚ ਸ਼ਾਮਿਲ ਕਰਨ, ਪੈਨਸ਼ਨਰ ਗ੍ਰੈਜੂਟੀ ਲਾਗੂ ਕਰਵਾਉਣ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ 1 ਮਾਰਚ ਨੂੰ ਮਲੋਟ ਵਿਖੇ ਵਿਭਾਗੀ ਮੰਤਰੀ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਮੀਟਿੰਗ ਵਿਚ ਗੁਰਮੀਤ ਕੌਰ ਰੁੜਕੀ, ਦਲਜੀਤ ਕੌਰ ਸਰਹਿੰਦ, ਭੁਪਿੰਦਰ ਕੌਰ ਅਮਲੋਹ, ਜਸਵਿੰਦਰ ਕੌਰ ਵੜੈਚਾਂ, ਸਤਵੰਤ ਕੌਰ ਖਮਾਣੋਂ, ਇੰਦਰਪਾਲ ਕੌਰ, ਸੁਰਜੀਤ ਕੌਰ ਬਸੀ, ਚਰਨਜੀਤ ਕੌਰ, ਗੁਰਬਚਨ ਕੌਰ ਖੇੜਾ, ਗੁਰਮੀਤ ਕੌਰ ਚੁੰਨੀ, ਤਰਿੰਦਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਹੇਮਲਤਾ, ਚਰਨਜੀਤ ਕੌਰ, ਮਲਕੀਤ ਕੌਰ, ਰਣਜੀਤ ਕੌਰ, ਕਰਮਜੀਤ ਕੌਰ ਵੀ ਸ਼ਾਮਿਲ ਸਨ |