ਫ਼ਤਹਿਗੜ੍ਹ ਸਾਹਿਬ, 3 ਮਾਰਚ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਅਗਾਮੀ 14 ਮਾਰਚ ਨੂੰ ਮੋਗਾ ਵਿਚ ਕੀਤੀ ਜਾਣ ਵਾਲੀ ਪਰਿਵਰਤਨ ਰੈਲੀ ਪੰਜਾਬ ਵਿਚ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ ਕਿਉਂਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਤ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਮੌਕੇ ਦੇ ਕੇ ਪਰਖ ਚੁੱਕੇ ਹਨ, ਜੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ, ਆਸਾਂ 'ਤੇ ਖਰੇ ਨਹੀਂ ਉੱਤਰ ਸਕੀਆਂ ਅਤੇ ਉਨ੍ਹਾਂ ਨੇ ਪੰਜਾਬ ਦਾ ਕੁਝ ਨਹੀਂ ਸੰਵਾਰਿਆ ਅਤੇ ਹੁਣ ਸੂਬੇ ਦੇ ਲੋਕ ਭਾਜਪਾ ਨੂੰ ਸੱਤਾ ਵਿਚ ਲਿਆਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਮੋਗਾ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਭੱਟੀ ਫਾਰਮ ਸਰਹਿੰਦ ਵਿਖੇ ਰੱਖੀ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮੀਟਿੰਗ ਦੌਰਾਨ ਰੈਲੀ ਨੂੰ ਸਫਲ ਬਣਾਉਣ ਲਈ ਰਣਨੀਤੀ ਉਲੀਕੀ ਗਈ ਅਤੇ ਵੱਖ-ਵੱਖ ਇਲਾਕਿਆਂ ਤੋਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਪਰਮਿੰਦਰ ਸਿੰਘ ਬਰਾੜ, ਜਗਦੀਪ ਸਿੰਘ ਚੀਮਾ, ਗੇਜਾ ਰਾਮ ਵਾਲਮੀਕਿ, ਸੰਦੀਪ ਸਿੰਘ ਬੱਲ, ਕੁਲਦੀਪ ਸਿੰਘ ਸਿੱਧੂਪੁਰ ਵੀ ਸ਼ਾਮਿਲ ਸਨ | ਸ੍ਰੀ ਸ਼ਰਮਾ ਨੇ ਸੂਬਾ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਫ਼ੇਲ੍ਹ ਹੋ ਚੁੱਕੀ ਹੈ ਅਤੇ ਹਰ ਵਰਗ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਉੱਥੇ ਹੀ ਪੁਲਿਸ ਦੁਆਰਾ ਪੁਲਿਸ ਮੁਕਾਬਲਿਆਂ ਦੀ ਝੂਠੀ ਕਹਾਣੀ ਰਚ ਕੇ ਨੌਜਵਾਨਾਂ ਦੇ ਕੀਤੇ ਜਾ ਰਹੇ ਕਤਲ ਵੀ ਸਵਾਲਾਂ ਦੇ ਘੇਰੇ ਵਿਚ ਹਨ | ਸ੍ਰੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਇਕੱਲੇ ਚੋਣ ਲੜੇਗੀ ਅਤੇ ਮਜ਼ਬੂਤੀ ਨਾਲ ਉੱਭਰੇਗੀ | ਉਨ੍ਹਾਂ ਕਿਹਾ ਕਿ ਮੋਗਾ ਰੈਲੀ ਰਾਹੀਂ ਲੋਕਾਂ ਨੂੰ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੋਗਾ ਵਿਚ 14 ਮਾਰਚ ਨੂੰ ਹੋਣ ਵਾਲੀ ਪਰਿਵਰਤਨ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ | ਜਿਸ ਦੌਰਾਨ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੇਗੀ | ਉਨ੍ਹਾਂ ਕਿਹਾ ਕਿ ਰੈਲੀ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਇਕੱਠ ਵਜੋਂ ਇਹ ਰੈਲੀ ਇਤਿਹਾਸ ਸਿਰਜੇਗੀ | ਇਸ ਮੀਟਿੰਗ ਵਿਚ ਅਜਾਇਬ ਸਿੰਘ ਜਖਵਾਲੀ, ਸੰਦੀਪ ਸਿੰਘ ਬੱਲ, ਹਰੀਸ਼ ਅਗਰਵਾਲ, ਰਵਿੰਦਰ ਸਿੰਘ ਪਦਮ, ਦੇਵੀ ਦਿਆਲ ਪਰਾਸ਼ਰ, ਰਾਕੇਸ਼ ਗੁਪਤਾ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਸਿਕੰਦਰ ਸਿੰਘ ਚੌਲਟੀ ਖੇੜੀ, ਤਰਲੋਚਨ ਸਿੰਘ ਲਾਲੀ, ਗੁਰਵਿੰਦਰ ਸਿੰਘ ਸੋਹੀ, ਬਲਵੀਰ ਸਿੰਘ, ਗੁਰਬਖਸ਼ ਸਿੰਘ ਬਖਸ਼ੀ, ਪਰਮਵੀਰ ਸਿੰਘ ਪੰਮਾ, ਮੰਡਲ ਪ੍ਰਧਾਨ ਦਵਿੰਦਰ ਭੱਟ, ਰਕੇਸ਼ ਕੁਮਾਰ, ਸਰਬਜੀਤ ਸਿੰਘ ਮੱਖਣ, ਕੁਲਦੀਪ ਸਿੰਘ ਸਹੋਤਾ, ਵਿਨੇ ਗੁਪਤਾ, ਧਰਮਿੰਦਰ ਬਾਂਡਾ, ਡਾ. ਰਘਵੀਰ ਸ਼ੁਕਲਾ, ਓਮ ਗੌਤਮ, ਰਜੀਵ ਵਰਮਾ, ਸਨੀ ਗੋਇਲ, ਸ਼ਾਮ ਸੁੰਦਰ ਭਾਰਦਵਾਜ, ਗੁਰਵਿੰਦਰ ਸਿੰਘ ਸੋਹੀ, ਬਲਵੀਰ ਸਿੰਘ ਧਾਰਨੀ, ਸੰਜੀਵ ਕੁਮਾਰ, ਐਡਵੋਕੇਟ ਕਰਨਵੀਰ ਸਿੰਘ ਚਨਾਰਥਲ, ਜਸਵੀਰ ਸਿੰਘ, ਸਿਕੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਸਨ |