ਅਮਲੋਹ, 8 ਮਾਰਚ (ਹਰਪ੍ਰੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਕਿਸਾਨੀ ਦੀਆਂ ਅਸਲ ਲੋੜਾਂ ਤੋਂ ਕੋਹਾਂ ਦੂਰ ਦੱਸਦਿਆਂ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਰੱਖਿਆ 14,280 ਕਰੋੜ ਰੁਪਏ ਦਾ ਬਜਟ ਮਹਿਜ਼ ਅੰਕੜਿਆਂ ਦੀ ਖੇਡ ਹੈ, ਕਿਉਂਕਿ ਵੱਧਦੀ ਲਾਗਤ ਅਤੇ ਫ਼ਸਲਾਂ ਦੇ ਘੱਟ ਰਹੇ ਭਾਅ ਕਾਰਨ ਕਿਸਾਨ ਲਗਾਤਾਰ ਕਰਜ਼ੇ ਦੇ ਦਲਦਲ ਵਿਚ ਫਸ ਰਿਹਾ ਹੈ | ਮੀਆਂਪੁਰ ਨੇ ਅੰਕੜਿਆਂ ਸਹਿਤ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ 350 ਕਰੋੜ ਰੁਪਏ ਅਤੇ ਫ਼ਸਲ ਵਿਭਿੰਨਤਾ ਲਈ 575 ਕਰੋੜ ਰੁਪਏ ਦੀਆਂ ਘੋਸ਼ਣਾਵਾਂ ਸਿਰਫ਼ ਕਾਗ਼ਜ਼ੀ ਦਿਖਾਵਾ ਹਨ, ਜਿਨ੍ਹਾਂ ਨਾਲ ਕਿਸਾਨ ਦੀ ਆਮਦਨ ਵਿਚ ਕੋਈ ਸੁਧਾਰ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵਲੋਂ ਮੁਫ਼ਤ ਬਿਜਲੀ ਸਬਸਿਡੀ ਲਈ 9,330 ਕਰੋੜ ਰੁਪਏ ਅਤੇ ਨਹਿਰੀ ਨੈੱਟਵਰਕ ਲਈ 2,100 ਕਰੋੜ ਰੁਪਏ ਰੱਖੇ ਜਾਣਾ ਸ਼ਲਾਘਾਯੋਗ ਹੈ, ਪਰ ਬਜਟ ਵਿਚ ਕਰਜ਼ਾ ਮੁਆਫ਼ੀ ਅਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਵਰਗੇ ਵੱਡੇ ਰਾਹਤ ਪੈਕੇਜਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ, ਜੋ ਕਿ ਬੇਹੱਦ ਨਿਰਾਸ਼ਾਜਨਕ ਹੈ |