ਬਸੀ ਪਠਾਣਾਂ, 9 ਮਾਰਚ (ਐਚ.ਐਸ.ਗੌਤਮ)-ਸਥਾਨਕ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਇਕਾਈ ਦੀ ਮੀਟਿੰਗ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਸਿੰਗਲਾ ਨੇ ਦੱਸਿਆ ਕਿ ਪੰਜਾਬ ਦੀਆਂ ਦਾਣਾ ਮੰਡੀਆਂ 'ਚ ਕੰਮ ਕਰਦੇ ਆੜ੍ਹਤੀਆਂ ਵਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾ ਰਹੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤਹਿਤ 16 ਮਾਰਚ ਨੂੰ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਤਰਨਤਾਰਨ ਦੇ ਹਰੀਕੇ ਖੇਤਰ 'ਚ ਸੂਬੇ ਦੇ ਆੜ੍ਹਤੀਆਂ ਦਾ ਇਕ ਵਿਸ਼ਾਲ ਇਕੱਠ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆੜ੍ਹਤੀਆਂ ਨਾਲ ਵਾਅਦਾ ਕੀਤਾ ਸੀ ਕਿ ਜਿਹੜਾ ਕਮਿਸ਼ਨ ਕੇਂਦਰ ਸਰਕਾਰ ਵਲੋਂ ਘੱਟ ਕੀਤਾ ਗਿਆ, ਉਸ ਨੂੰ ਪੰਜਾਬ ਸਰਕਾਰ ਪੂਰਾ ਕਰੇਗੀ, ਜੋ ਹੁਣ ਤੱਕ ਵਫ਼ਾ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਕੇਂਦਰੀ ਮੰਤਰੀ ਨਾਲ ਵੀ ਮੀਟਿੰਗ ਕੀਤੀ ਸੀ, ਪ੍ਰੰਤੂ ਉਨ੍ਹਾਂ ਵਲੋਂ ਵੀ ਭਰੋਸੇ ਦੇ ਬਾਵਜੂਦ ਆੜ੍ਹਤੀਆਂ ਦੀ ਮੰਗ ਪੂਰੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਜ਼ਿਲ੍ਹੇ ਦੇ ਸਮੂਹ ਆੜ੍ਹਤੀਆਂ ਨੂੰ ਰੈਲੀ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ | ਇਸ ਮੌਕੇ ਹਰਜੀਤ ਸਿੰਘ ਚੀਮਾ ਪ੍ਰਧਾਨ ਬਸੀ ਪਠਾਣਾਂ, ਨਿਰਮਲ ਸਿੰਘ ਜਨਰਲ ਸਕੱਤਰ, ਰਣਜੀਤ ਸਿੰਘ ਸੋਮਲ ਪ੍ਰਧਾਨ ਕਲੌੜ ਮੰਡੀ, ਅੰਮਿ੍ਤ ਪਾਲ ਸਿੰਘ, ਵਿਸ਼ਾਲ ਗੁਪਤਾ, ਹਰਵਿੰਦਰ ਸਿੰਘ ਧਾਲੀਵਾਲ, ਸੁਭਾਸ਼ ਜਿੰਦਲ, ਵਰਿੰਦਰ ਸਿੰਘ ਕਲੌੜ, ਕੁਲਵਿੰਦਰ ਸਿੰਘ, ਕਰਨਵੀਰ ਸਿੰਘ, ਰਜੀਵ ਸਿੰਗਲਾ, ਗੁਰਮੀਤ ਸਿੰਘ ਬਹੇੜ, ਹੇਮਰਾਜ ਨੰਦਾ, ਅਰੁਣ ਕੁਮਾਰ ਸਮੇਤ ਕਈ ਹੋਰ ਆੜ੍ਹਤੀ ਹਾਜ਼ਰ ਸਨ |