ਫ਼ਤਹਿਗੜ੍ਹ ਸਾਹਿਬ, 11 ਮਾਰਚ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਅਤੇ ਮਹਾਰਾਣੀ ਪ੍ਰੀਤੀ ਸਿੰਘ ਨਾਭਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਦਾ ਫ਼ਰਜ਼ ਸਿਰਫ਼ ਤਕਨੀਕੀ ਗਿਆਨ ਦੇਣਾ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਅਤੇ ਜਾਗਰੂਕ ਨਾਗਰਿਕ ਤਿਆਰ ਕਰਨਾ ਵੀ ਹੈ | ਉਨ੍ਹਾਂ ਨੇ ਕਿਹਾ ਕਿ ਕਾਲਜ ਵਿਚ ਮਹਿਲਾ ਦਿਵਸ ਮਨਾਉਣ ਦਾ ਮਕਸਦ ਲਿੰਗ ਸਮਾਨਤਾ ਅਤੇ ਸਮਾਜਿਕ ਨਿਆਂ ਬਾਰੇ ਸੰਵਾਦ ਅਤੇ ਜਾਗਰੂਕਤਾ ਪੈਦਾ ਕਰਨਾ ਹੈ | ਇਸ ਮੌਕੇ ਡਾ. ਸੋਨਾ ਥਿੰਦ ਨੇ ਮਹਿਲਾ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਸਮਾਜ ਵਿਚ ਔਰਤਾਂ ਵਲੋਂ ਸਹੇੜੇ ਜਾਂਦੇ ਦੁੱਖ ਅਤੇ ਸੰਘਰਸ਼ਾਂ ਪ੍ਰਤੀ ਵਧੇਰੇ ਸੰਵੇਦਨਸ਼ੀਲਤਾ ਤੇ ਸਮਝ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਅਸਲ ਸਸ਼ਕਤੀਕਰਨ ਸਿਰਫ਼ ਨੀਤੀਆਂ ਜਾਂ ਨੁਮਾਇੰਦਗੀ ਤੱਕ ਸੀਮਿਤ ਨਹੀਂ, ਸਗੋਂ ਸਮਾਜ ਵਿਚ ਹਮਦਰਦੀ, ਸਮਝ ਅਤੇ ਆਦਰ ਦੀ ਭਾਵਨਾ ਪੈਦਾ ਕਰਨ ਨਾਲ ਹੀ ਸੰਭਵ ਹੈ | ਉਨ੍ਹਾਂ ਨੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਪੇਸ਼ਕਾਰੀ ਦੀ ਸਰਾਹਨਾ ਵੀ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਲਾ ਪੇਸ਼ਕਾਰੀਆਂ ਸਮਾਜ ਨੂੰ ਸੰਵੇਦਨਸ਼ੀਲ ਮੁੱਦਿਆਂ 'ਤੇ ਸੋਚਣ ਅਤੇ ਚਰਚਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ | ਰਾਣੀ ਪ੍ਰੀਤੀ ਸਿੰਘ ਨੇ ਵੀ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪ੍ਰਸਤੁਤੀਆਂ ਦੀ ਖ਼ੂਬ ਸਰਾਹਨਾ ਕੀਤੀ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਤਹਿਗੜ੍ਹ ਸਾਹਿਬ ਨਾਲ ਇਕ ਖ਼ਾਸ ਭਾਵਨਾਤਮਿਕ ਜੁੜਾਅ ਮਹਿਸੂਸ ਹੁੰਦਾ ਹੈ, ਜੋ ਇਤਿਹਾਸ ਅਤੇ ਕੁਰਬਾਨੀਆਂ ਦੀ ਧਰਤੀ ਹੈ | ਉਨ੍ਹਾਂ ਵਿਦਿਆਰਥੀਆਂ ਦੇ ਹੁਨਰ ਅਤੇ ਜੋਸ਼ ਦੀ ਪ੍ਰਸੰਸਾ ਕਰਦਿਆਂ ਕਾਲਜ ਪ੍ਰਬੰਧਕਾਂ ਨੂੰ ਵੀ ਵਧਾਈ ਦਿੱਤੀ ਕਿ ਉਹ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਅਤੇ ਬੌਧਿਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ | ਸਮਾਗਮ ਦਾ ਮੁੱਖ ਆਕਰਸ਼ਨ ਕਾਲਜ ਦੇ ਡਰਾਮੈਟਿਕ ਕਲੱਬ ਵਲੋਂ ਪੇਸ਼ ਕੀਤਾ ਗਿਆ ਨਾਟਕ 'ਜ਼ਿੰਦਗੀ' ਰਿਹਾ | ਇਸ ਨਾਟਕ ਵਿਚ ਟ੍ਰਾਂਸਜੈਂਡਰ ਭਾਈਚਾਰੇ ਦੇ ਸਮਾਜਿਕ ਅਤੇ ਭਾਵਨਾਤਮਿਕ ਸੰਘਰਸ਼ਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਦਰਸਾਇਆ ਗਿਆ, ਜਿਸ ਨੇ ਦਰਸ਼ਕਾਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ ਅਤੇ ਇਹ ਸਮਾਜਿਕ ਸੁਨੇਹਾ ਦਿੱਤਾ ਕਿ ਮਨੁੱਖੀ ਆਦਰ ਅਤੇ ਸਮਾਨਤਾ ਹਰ ਲਿੰਗ ਲਈ ਹੋਣੀ ਚਾਹੀਦੀ ਹੈ | ਇਹ ਨਾਟਕ ਅਜੈ ਸਮਰਾਲਾ ਅਤੇ ਰਵੀ ਹੰਸ ਦੀ ਦਿਸ਼ਾ-ਨਿਰਦੇਸ਼ ਹੇਠ ਤਿਆਰ ਕੀਤਾ ਗਿਆ | ਸਮਾਗਮ ਦੀ ਸਟੇਜ ਦਾ ਸੰਚਾਲਨ ਡਾ. ਮੋਹਿੰਦਰਪਾਲ ਕੌਰ ਸੰਧੂ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਡਾ. ਲਖਵਿੰਦਰ ਸਿੰਘ ਡੀਨ ਅਕਾਦਮਿਕ, ਡਾ. ਏ.ਪੀ.ਐਸ. ਸੇਠੀ ਡੀਨ ਵਿਦਿਆਰਥੀ ਮਾਮਲੇ, ਡਾ. ਜੇ.ਐਸ. ਓਬਰਾਏ ਮੁਖੀ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ, ਡਾ. ਬਲਰਾਜ ਸਿੰਘ ਐਸੋਸੀਏਟ ਡੀਨ ਐਡਮਿਸ਼ਨ, ਡਾ. ਅਮਨਦੀਪ ਸਿੰਘ ਡੀਨ ਪ੍ਰੀਖਿਆਵਾਂ, ਡਾ. ਮਨਪ੍ਰੀਤ ਕੌਰ, ਡਾ. ਸਰਬਜੀਤ ਕੌਰ ਅਤੇ ਡਾ. ਸੋਨੀਆ ਸ਼ਾਮਿਲ ਸਨ | ਸਮਾਗਮ ਦੀ ਸਮਾਪਤੀ ਮਹਿਮਾਨਾਂ ਦੇ ਸਨਮਾਨ ਸਮਾਰੋਹ ਨਾਲ ਹੋਈ | ਜਿਸ ਦੌਰਾਨ ਕਾਲਜ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |