ਸੰਘੋਲ, 11 ਮਾਰਚ (ਗੁਰਨਾਮ ਸਿੰਘ ਚੀਨਾ)-ਨਜ਼ਦੀਕੀ ਪਿੰਡ ਪੋਹਲੋ ਮਾਜਰਾ ਵਿਖੇ ਸੰਤ ਬਾਬਾ ਕਰਨੈਲ ਸਿੰਘ ਦੀ 29ਵੀਂ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਤੇ ਮਹਾਂ ਕੰਨਿਆ ਦਾਨ ਸਮਾਗਮ 15 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਚੇਅਰਮੈਨ ਭਾਈ ਘਨੱਈਆ ਜੀ ਸੇਵਾ ਮਿਸ਼ਨ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਲੰਗਰ ਸੇਵਾ ਪੀ.ਜੀ.ਆਈ. ਹਸਪਤਾਲ ਮੈਨੇਜਮੈਂਟ ਪੋਹਲੋ ਮਾਜਰਾ, ਨਗਰ ਵਾਸੀਆਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਬਾਬਾ ਸੁਖਬੀਰ ਸਿੰਘ ਕੰਧੋਲੇ ਵਾਲੇ, ਭਾਈ ਅਮਨਦੀਪ ਸਿੰਘ ਯੂ.ਐਸ. ਏ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ, ਬਾਬਾ ਜਸਵੀਰ ਸਿੰਘ ਹਰਗਣਾ ਵਾਲਿਆਂ ਤੋਂ ਇਲਾਵਾ ਹੋਰ ਵੀ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਰਾਹੀਂ ਨਿਹਾਲ ਕਰਨਗੇ ਤੇ ਸਮਾਗਮ ਦੌਰਾਨ ਹੀ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਵੀ ਕੀਤੇ ਜਾਣਗੇ | ਜਿਸ ਦੌਰਾਨ ਵਿਆਹ ਵਾਲੀਆਂ ਧੀਆਂ ਨੂੰ ਹਰ ਤਰ੍ਹਾਂ ਦਾ ਵਰਤਣਯੋਗ ਸਮਾਨ ਦਿੱਤਾ ਜਾਵੇਗਾ | ਸਮਾਗਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਦਾ ਰਹੇਗਾ |