ਫ਼ਤਹਿਗੜ੍ਹ ਸਾਹਿਬ, 11 ਮਾਰਚ (ਮਨਪ੍ਰੀਤ ਸਿੰਘ)-ਸੂਬੇ ਦੇ ਇਕ ਕਾਂਗਰਸੀ ਆਗੂ ਨੇ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ 1000 ਰੁਪਏ ਦੇਣ ਦੇ ਐਲਾਨ ਦੀ ਖ਼ੁਸ਼ੀ ਵਿਚ ਭੰਗੜਾ ਪਾਉਣ ਵਾਲੀਆਂ ਔਰਤਾਂ 'ਤੇ ਟਿੱਪਣੀ ਕਰਕੇ ਸੂਬੇ ਦੀਆਂ ਔਰਤਾਂ ਦਾ ਅਪਮਾਨ ਕੀਤਾ ਹੈ | ਇਸ ਦੇ ਲਈ ਉਸ ਨੂੰ ਸੂਬੇ ਦੀਆਂ ਔਰਤਾਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ | ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਲਾਕ ਖੇੜਾ ਅਧੀਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਵਿਕਾਸ ਕਾਰਜਾਂ ਸਬੰਧੀ ਰੱਖੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਲ 2022 ਦੇ ਵਿਚ ਸੂਬੇ ਦੀਆਂ ਔਰਤਾਂ ਨਾਲ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰ ਦਿੱਤਾ ਗਿਆ ਹੈ | ਜਿਸ ਦੇ ਇਵਜ਼ ਵਿਚ ਸੂਬੇ ਭਰ ਦੀਆਂ ਔਰਤਾਂ ਨੇ ਖ਼ੁਸ਼ੀ ਮਨਾਈ, ਪਰ ਉਹ ਖ਼ੁਸ਼ੀ ਕਾਂਗਰਸੀਆਂ ਨੂੰ ਰਾਸ ਨਹੀਂ ਆਈ | ਜਿਸ ਕਾਰਨ ਉਹ ਔਰਤਾਂ ਦੇ ਪ੍ਰਤੀ ਮਾੜੀ ਸ਼ਬਦਾਵਲੀ ਬੋਲ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਜੋ ਹਲਕੇ ਦੇ ਵਿਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜ ਨਿਰੰਤਰ ਜਾਰੀ ਹਨ | ਇਸ ਮੌਕੇ ਰਾਜ ਦਵਿੰਦਰ ਸਿੰਘ ਘੁੰਮਣ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਿੰਦਰ ਮੰਡੋਫਲ, 'ਆਪ' ਆਗੂ ਕੁਲਵਿੰਦਰ ਸਿੰਘ ਡੇਰਾ, ਡਾ. ਬਲਜਿੰਦਰ ਸਿੰਘ, ਹਰਮੇਸ਼ ਪੂਨੀਆ, ਮਨਦੀਪ ਪੋਲਾ, ਹਰਮੇਸ਼ ਛੰਨਾ, ਵਿਕਰਮ ਸਿੰਘ, ਦਿਲਪ੍ਰੀਤ ਭੱਟੀ, ਪ੍ਰਹਲਾਦ ਸਿੰਘ, ਰਾਜਦੀਪ ਰਾਜੂ ਤੇ ਪ੍ਰਦੀਪ ਸਿੰਘ ਆਦਿ ਹਾਜ਼ਰ ਸਨ |