ਖਮਾਣੋਂ, 27 ਮਾਰਚ (ਮਨਮੋਹਣ ਸਿੰਘ ਕਲੇਰ)-ਪਿੰਡ ਕੋਟਲਾ ਬਡਲਾ ਬਲਾਕ ਖਮਾਣੋਂ ਦੇ ਮਨਰੇਗਾ ਕਾਮਿਆਂ ਨੇ ਪਿੰਡ ਦੇ ਸਰਪੰਚ ਨੂੰ ਇਕ ਮੰਗ ਪੱਤਰ ਦੇ ਕੇ ਵਿੱਤੀ ਵਰੇ੍ਹ ਸਾਲ 2024-25 ਦਾ ਰਹਿੰਦਾ 20 ਦਿਨਾਂ ਦਾ ਰੁਜ਼ਗਾਰ ਦਿੱਤੇ ਜਾਣ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸਭਾ, ਰਾਮ ਸਿੰਘ ਮੀਤ ਸਕੱਤਰ ਅਤੇ ਛੱਜ ਸਿੰਘ ਮੀਤ ਪ੍ਰਧਾਨ ਖੇਤ ਮਜ਼ਦੂਰ ਸਭਾ ਕਮੇਟੀ ਪਿੰਡ ਕੋਟਲਾ ਬਡਲਾ ਨੇ ਦੱਸਿਆ ਕਿ ਮਨਰੇਗਾ ਕਾਮਿਆਂ ਨੂੰ ਉਕਤ ਸਕੀਮ ਤਹਿਤ ਘੱਟੋ-ਘੱਟ 100 ਦਿਨ ਇਸ ਸਕੀਮ ਤਹਿਤ ਪਿੰਡ 'ਚ ਰੁਜ਼ਗਾਰ ਦੇਣਾ ਨਿਸ਼ਚਿਤ ਕੀਤਾ ਹੋਇਆ ਹੈ, ਜਦੋਂਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਸਿਰਫ਼ 80 ਜਾਂ ਇਸ ਤੋਂ ਘੱਟ ਦਿਨਾਂ ਦਾ ਰੁਜ਼ਗਾਰ ਹੀ ਦਿੱਤਾ ਜਾ ਰਿਹਾ ਹੈ | ਅਸੀਂ ਗ਼ਰੀਬ ਲੋਕ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਨ ਪੋਸ਼ਣ ਕਰਦੇ ਹਾਂ | ਇਸ ਲਈ ਉਨ੍ਹਾਂ ਨੂੰ ਰੁਜ਼ਗਾਰ ਘੱਟ ਦਿਨ ਮਿਲਣ ਕਰਕੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਚੱਲਦਾ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸਰਕਾਰ ਨੂੰ ਤੈਅ ਤੱਕ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ | ਇਸ ਸਬੰਧੀ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਅਜਿਹਾ ਬਲਾਕ ਵਿਕਾਸ ਦਫ਼ਤਰ ਖਮਾਣੋਂ ਵਲੋਂ ਜਾਰੀ ਮਾਸਟਰ ਰੋਲ ਕਰਕੇ ਹੋ ਰਿਹਾ ਹੈ | ਜਿਸ ਸਬੰਧੀ ਉਹ ਹੀ ਦੱਸ ਸਕਦੇ ਹਨ |