ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ | ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਪਿੰਡ ਪੱਧਰ ਤੱਕ ਮੁਫ਼ਤ ਅਤੇ ਗੁਣਵੱਤਾ ਵਾਲੀ ਸਿਹਤ ਸੇਵਾ ਪਹੁੰਚਾਉਣ 'ਤੇ ਹੈ | ਇਸ ਤਹਿਤ ਸਰਕਾਰ ਵਲੋਂ ਸੂਬੇ ਭਰ ਵਿਚ 985 ਆਮ ਆਦਮੀ ਕਲੀਨਿਕ ਖੋਲੇ੍ਹ ਗਏ ਹਨ, ਜਿੱਥੇ ਲੋਕਾਂ ਨੂੰ ਮੁਫ਼ਤ ਜਾਂਚ, ਦਵਾਈਆਂ ਅਤੇ ਡਾਕਟਰੀ ਸਲਾਹ ਦਿੱਤੀ ਜਾ ਰਹੀ ਹੈ | ਇਨ੍ਹਾਂ ਕਲੀਨਿਕਾਂ ਰਾਹੀਂ ਹੁਣ ਤੱਕ ਲੱਖਾਂ ਹੀ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ | ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿਚ ਆਧੁਨਿਕ ਮਸ਼ੀਨਾਂ ਅਤੇ ਸਾਜ਼ੋ-ਸਮਾਨ ਦੀ ਉਪਲੱਬਧਤਾ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ | ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੀ ਭਰਤੀ ਕਰਕੇ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਗ਼ਰੀਬ ਅਤੇ ਪਿਛੜੇ ਵਰਗਾਂ ਹੀ ਨਹੀਂ, ਸਭ ਲੋਕਾਂ ਲਈ ਮੁਫ਼ਤ ਇਲਾਜ ਦੀਆਂ ਸਕੀਮਾਂ ਨੂੰ ਵਧਾਇਆ ਗਿਆ ਹੈ, ਤਾਂ ਜੋ ਹਰ ਵਿਅਕਤੀ ਨੂੰ ਸਮੇਂ 'ਤੇ ਇਲਾਜ ਮਿਲ ਸਕੇ |