ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ (ਬਲਜਿੰਦਰ ਸਿੰਘ)-ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਅੱਜ ਸਰਹਿੰਦ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਪ੍ਰਕਿਰਿਆ ਅਤੇ ਮੰਡੀਆਂ ਵਿਚ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਨਾਗਰਾ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਆਮਦ ਵੱਡੀ ਗਿਣਤੀ ਵਿਚ ਹੋ ਰਹੀ ਹੈ, ਪਰ ਖ਼ਰੀਦ ਪ੍ਰਕਿਰਿਆ ਵਿਚ ਹੋ ਰਹੀ ਦੇਰੀ ਕਾਰਨ ਕਿਸਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵਲੋਂ 1 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਕਾਫ਼ੀ ਵੱਖਰੀ ਹੈ | ਮੰਡੀਆਂ ਵਿਚ ਕਣਕ ਦੀਆਂ ਵੱਡੀਆਂ ਢੇਰੀਆਂ ਲੱਗੀਆਂ ਹੋਈਆਂ ਹਨ, ਪਰ ਖ਼ਰੀਦ ਨਾ ਹੋਣ ਕਾਰਨ ਕਿਸਾਨ ਗੰਭੀਰ ਪ੍ਰੇਸ਼ਾਨੀ ਦਾ ਸ਼ਿਕਾਰ ਹਨ | ਕਈ ਕਿਸਾਨ ਆਪਣੀ ਫ਼ਸਲ ਦੀ ਰੱਖਿਆ ਲਈ ਮੰਡੀਆਂ ਵਿਚ ਹੀ ਕਈ ਦਿਨਾਂ ਤੋਂ ਬੈਠੇ ਹਨ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਮੌਸਮੀ ਖ਼ਤਰੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਨਾਗਰਾ ਨੇ ਕਿਹਾ ਕਿ ਖ਼ਰੀਦ ਵਿਚ ਹੋ ਰਹੀ ਦੇਰੀ ਕਾਰਨ ਮਜ਼ਦੂਰ ਵਰਗ ਵੀ ਪ੍ਰਭਾਵਿਤ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਰੋਜ਼ਾਨਾ ਦੀ ਦਿਹਾੜੀ ਨਹੀਂ ਮਿਲ ਰਹੀ | ਉਨ੍ਹਾਂ ਮੰਗ ਕੀਤੀ ਕਿ ਖ਼ਰੀਦ ਪ੍ਰਕਿਰਿਆ ਨੂੰ ਤੁਰੰਤ ਤੇਜ਼ ਕੀਤਾ ਜਾਵੇ ਅਤੇ ਮੰਡੀਆਂ ਵਿਚ ਬੈਠੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਣਕ ਵਿਚ ਨਮੀ ਮਿਆਰ ਅਨੁਸਾਰ ਹੋਣ ਦੇ ਬਾਵਜੂਦ ਵੀ ਖ਼ਰੀਦ ਨਾ ਹੋਣਾ ਸਰਕਾਰ ਦੀ ਲਾਪਰਵਾਹੀ ਦਾ ਸਪੱਸ਼ਟ ਸਬੂਤ ਹੈ | ਇਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਸਥਿਤੀ ਹੈ | ਉਨ੍ਹਾਂ ਕਿਹਾ ਕਿ ਮੰਡੀ ਵਿਚ ਪੀਣ ਵਾਲੇ ਪਾਣੀ ਅਤੇ ਬੈਠਣ ਦੀ ਵਿਵਸਥਾ ਦੀ ਘਾਟ ਹੈ, ਜਿਸ ਕਾਰਨ ਕਿਸਾਨਾਂ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰ ਨੂੰ ਤੁਰੰਤ ਇਹ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਜਲਦੀ ਹੀ ਹਾਲਾਤ ਨਹੀਂ ਸੰਭਲੇ ਤਾਂ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜ੍ਹ ਕੇ ਵੱਡਾ ਸੰਘਰਸ਼ ਸ਼ੁਰੂ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲ੍ਹਾ, ਸਾਬਕਾ ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ ਸਾਨੀਪੁਰ, ਆੜ੍ਹਤੀ ਰਾਜਵੀਰ ਸਿੰਘ ਰਾਜਾ, ਗੁਰਭੇਜ ਸਿੰਘ ਰਾਏ, ਸੰਜੂ ਰੁੜਕੀ, ਪਰਵਿੰਦਰ ਸਿੰਘ ਸਿੱਧੂਵਾਲ, ਗੁਰਵੀਰ ਸਿੰਘ ਰੁੜਕੀ, ਕੁਲਵੀਰ ਸਿੰਘ ਤਿੰਬਰਪੁਰ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ, ਆੜ੍ਹਤੀ ਜਗਦੀਪ ਸਿੰਘ, ਮੇਵਾ ਸਿੰਘ, ਦੇਵ ਸਿੰਘ, ਸੁਖਭੇਜ ਸਿੰਘ, ਰਣਜੀਤ ਸਿੰਘ, ਮਹਿੰਦਰ ਸਿੰਘ, ਰਨਵੀਰ ਸਿੰਘ, ਗੁਰਜੀਤ ਸਿੰਘ, ਲਖਵੀਰ ਸਿੰਘ, ਭੁਪਿੰਦਰ ਸਿੰਘ, ਪ੍ਰਗਟ ਸਿੰਘ ਬੱਬੂ ਤੇ ਹੋਰ ਆੜ੍ਹਤੀ ਤੇ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ |