ਮੰਡੀ ਗੋਬਿੰਦਗੜ੍ਹ, 13 ਅਪ੍ਰੈਲ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜ਼ਬੂਤੀ ਅਤੇ ਲਾਮਬੰਦੀ ਲਈ ਪੰਜਾਬ ਭਰ ਵਿਚ ਕੀਤੀਆਂ 40 ਵਿਧਾਨ ਸਭਾ ਹਲਕਿਆਂ ਦੀਆਂ ਰੈਲੀਆਂ ਨੂੰ ਵੱਡਾ ਹੁੰਗਾਰਾ ਹੀ ਨਹੀਂ ਮਿਲਿਆ ਸਗੋਂ ਵਿਰੋਧੀ ਪਾਰਟੀਆਂ ਨੂੰ ਫ਼ਿਕਰਾਂ ਵਿਚ ਪਾ ਕੰਬਣੀ ਛੇੜ ਦਿੱਤੀ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਵਰਕਰ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸ. ਬਾਦਲ ਪੰਜਾਬੀਆਂ ਲਈ ਇਕ ਨਵਾਂ ਵਿਜ਼ਨ ਲੈ ਕੇ ਆ ਰਹੇ ਹਨ | ਕਿਉਂਕਿ ਬਾਦਲ ਦੀ ਉਸਾਰੂ ਤੇ ਵਿਕਾਸਮਈ ਸੋਚ ਸਦਕਾ ਸੂਬੇ ਵਿਚ ਕਿਸਾਨੀ ਮਸਲਿਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਇਲਾਵਾ ਹਰ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਜਿਸ ਦਾ ਨਤੀਜਾ ਸਾਹਮਣੇ ਰਿਹਾ ਹੈ | ਜੋ ਕਿ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਵਿਧਾਨ ਸਭਾ ਚੋਣਾਂ 2027 ਜਿੱਤਣ ਦਾ ਮੁੱਢ ਬੰਨਿ੍ਹਆ ਗਿਆ ਹੈ | ਰਾਜੂ ਖੰਨਾ ਨੇ ਜ਼ਮੀਨੀ ਪੱਧਰ ਤੇ ਵਰਕਰਾਂ ਅਤੇ ਆਗੂਆਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਹੁਣ ਪਿੱਛੇ ਮੁੜਨ ਵਾਲਾ ਸਮਾਂ ਨਹੀਂ, ਸਗੋਂ ਦਿਨ ਰਾਤ ਇੱਕ ਕਰਕੇ ਹਰ ਘਰ ਦੀ ਦਹਿਲੀਜ਼ ਤੱਕ ਪਹੁੰਚ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਬਾਦਲ ਵਲੋਂ ਪੰਜਾਬ ਤੇ ਸਿੱਖ ਸੰਗਤਾਂ ਦੇ ਹਿਤਾਂ ਦੀ ਹਮੇਸ਼ਾ ਹੀ ਕਦਰਦਾਨੀ ਕਰਦਿਆਂ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਕਈ ਸ਼ਲਾਘਾਯੋਗ ਫ਼ੈਸਲੇ ਲਏ ਗਏ ਹਨ | ਇਸ ਮੌਕੇ 'ਤੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਕੁਲਵਿੰਦਰ ਸਿੰਘ ਭੰਗੂ, ਰਾਜੇਸ਼ ਕੁਮਾਰ ਸ਼ਾਹੀ, ਨਿਰਮਲ ਸਿੰਘ ਅਤੇ ਗੁਰਜੀਤ ਸਿੰਘ ਮੰਗਾ ਮੌਜੂਦ ਸਨ |