ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਬਲਜਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜ਼ੀਦਪੁਰ-ਨੌਗਾਵਾਂ ਦੇ ਵਿਦਿਆਰਥੀ ਗੁਰਜੋਤ ਸਿੰਘ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚ ਬੋਰਡ ਵਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚ 16ਵਾਂ ਰੈਂਕ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਜਗਦੀਸ਼ ਸਿੰਘ ਬੈਂਸ ਨੇ ਦੱਸਿਆ ਕਿ ਗੁਰਜੋਤ ਸਿੰਘ ਨੇ 600 ਵਿਚੋਂ 584 ਅੰਕ 97.33 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਲਿਸਟ ਵਿਚ ਆਪਣਾ ਸਥਾਨ ਬਣਾ ਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕੇ ਇਸ ਦਾ ਸਾਰਾ ਸਿਹਰਾ ਵਿਦਿਆਰਥੀ ਦੀ ਲਗਨ, ਮਿਹਨਤ ਅਤੇ ਅਧਿਆਪਕਾਂ ਵਲੋਂ ਕਰਵਾਈ ਗਈ ਵਿਸ਼ੇਸ਼ ਤਿਆਰੀ ਨੂੰ ਜਾਂਦਾ ਹੈ | ਉਨ੍ਹਾਂ ਦੱਸਿਆ ਕਿ 100 ਫ਼ੀਸਦੀ ਦੇ ਨਤੀਜੇ ਨਾਲ ਸਕੂਲ ਦੇ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਸਕੂਲ ਵਿਚ ਵਿਸ਼ੇਸ਼ ਸਮਾਗਮ ਦੌਰਾਨ ਪਿ੍ੰਸੀਪਲ, ਸਟਾਫ ਮੈਂਬਰਜ਼ ਅਤੇ ਸਕੂਲ ਮੈਨੇਜਮੈਂਟ ਕਮੇਟੀ, ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਗੁਰਜੋਤ ਸਿੰਘ ਦੀ ਸਨਮਾਨ ਚਿੰਨ੍ਹ ਅਤੇ ਨਗਦ ਰਾਸ਼ੀ ਨਾਲ ਹੌਸਲਾ ਅਫਜ਼ਾਈ ਕੀਤੀ | ਇਸ ਮੌਕੇ 'ਤੇ ਜਗਮੋਹਨ ਸਿੰਘ ਉਪ ਚੇਅਰਮੈਨ ਐਸ.ਐਮ.ਸੀ. ਨੇ ਵਿਦਿਆਰਥੀ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਚੇਅਰਮੈਨ ਰਕੇਸ਼ ਕੁਮਾਰ, ਜਗਮੋਹਨ ਸਿੰਘ, ਤਰਸੇਮ ਸਿੰਘ, ਅਨਿਲ ਕੁਮਾਰ, ਰਜਵੰਤ ਕੌਰ, ਨਿਤਿਸ਼, ਅਮਨਦੀਪ ਕੌਰ, ਇੰਦਰਾ ਰਾਣੀ, ਅਮਰੀਕ ਸਿੰਘ, ਸੁਖਜੀਤ ਕੌਰ, ਜਸਵੰਤ ਸਿੰਘ, ਅਵਨਿੰਦਰ ਸਿੰਘ, ਮਨਦੀਪ ਕੌਰ, ਹਰਨੇਕ ਸਿੰਘ, ਪਰਮਿੰਦਰ ਕੌਰ, ਜਗਜੀਤ ਸਿੰਘ, ਸਿਮਰਨਜੀਤ ਅਤੇ ਕੁਲਦੀਪ ਸਿੰਘ ਅਤੇ ਮਾਪੇ ਵੀ ਹਾਜ਼ਰ ਸਨ |