ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਮਨਪ੍ਰੀਤ ਸਿੰਘ)-ਬਾਬਾ ਫ਼ਰੀਦ ਸਰਵ ਧਰਮ ਸੇਵਾ ਸੋਸਾਇਟੀ ਵਲੋਂ ਸੰਸਥਾ ਦੀ ਗੋਲਡਨ ਜੁਬਲੀ ਦੇ ਮੌਕੇ ਬਾਬਾ ਪਰਮਜੀਤ ਸਿੰਘ ਦੀ ਅਗਵਾਈ ਹੇਠ ਸੁਸਾਇਟੀ ਦੇ ਸਥਾਨ ਫ਼ਤਹਿਗੜ੍ਹ ਸਾਹਿਬ ਵਿਖੇ ਸੁਖਮਨੀ ਸਾਹਿਬ ਦੀ ਇਲਾਹੀ ਬਾਣੀ ਦੇ ਪਾਠ ਕਰਵਾਏ ਗਏ | ਸੁਸਾਇਟੀ ਦੇ ਚੇਅਰਮੈਨ ਹਾਜੀ ਬਾਬਾ ਦਿਲਸ਼ਾਦ ਨੇ ਦੱਸਿਆ ਕਿ 25 ਸਾਲ ਪਹਿਲਾਂ ਹਮਾਯੂੰਪੁਰ ਵਿਚ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ ਜਿਸ ਵਿਚ ਹਰ ਧਰਮ ਦੇ ਲੋਕ ਬਿਨਾਂ ਕਿਸੇ ਵਿਤਕਰੇ ਦੇ ਸ਼ਾਮਿਲ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਲੋਕ ਭਲਾਈ ਦੇ ਕੰਮ ਲਗਾਤਾਰ ਜਾਰੀ ਹਨ | ਜਿਸ ਵਿਚ ਲੋੜਵੰਦਾਂ ਦੀ ਮਦਦ ਕਰਨਾ, ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਉਣੀ, ਛੋਟੀ ਉਮਰ ਦੇ ਸਕੂਲੀ ਬੱਚਿਆਂ ਨੂੰ ਕਾਪੀਆਂ ਕਿਤਾਬਾਂ, ਮੌਸਮੀ ਕੱਪੜੇ ਬੂਟ, ਜੁਰਾਬਾਂ ਦੇਣੀਆਂ ਅਤੇ ਮੈਡੀਕਲ ਚੈੱਕਅੱਪ ਕੈਂਪ ਆਦਿ ਲਗਾਏ ਜਾਣਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਸਮਾਗਮ ਵਿਚ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਵੀ ਆਪਣੇ ਜਥੇ ਤੇ ਸ਼ਰਧਾਲੂਆਂ ਸਮੇਤ ਸ਼ਿਰਕਤ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਲਖਵੀਰ ਸਿੰਘ ਰਾਏ, ਚੇਅਰਮੈਨ ਰਸ਼ਪਿੰਦਰ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਮਨਦੀਪ ਕੌਰ, ਹਰਵਿੰਦਰ ਸਿੰਘ ਬੱਬਲ, ਗੁਰਵਿੰਦਰ ਸਿੰਘ ਸੋਹੀ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਸਮਾਗਮ ਵਿਚ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਬਲਵੰਤ ਸਿੰਘ ਮਹਾਦੀਆਂ (ਗੋਗੀ) ਨੇ ਦੱਸਿਆ ਕਿ ਇਹ ਡੇਰਾ ਬਾਬਾ ਬੇਰੀ ਵਾਲੇ ਪੀਰ ਦੇ ਸਥਾਨ ਤੇ ਹੋਣ ਕਾਰਨ, ਹਰ ਸਮਾਗਮ ਵਿਚ ਸਭ ਧਰਮਾਂ ਦੇ ਲੋਕ ਸ਼ਾਮਿਲ ਹੁੰਦੇ ਹਨ ਅਤੇ ਮਿਰਜ਼ਾ ਮੁਲਤਾਨੀ ਲੋਹਾਰ ਸੁਸਾਇਟੀ ਵਲੋਂ ਸਮੇਂ-ਸਮੇਂ ਤੇ ਸੰਸਥਾ ਨੂੰ ਸਹਿਯੋਗ ਵੀ ਕੀਤਾ ਜਾਂਦਾ ਹੈ |