ਬਸੀ ਪਠਾਣਾਂ, 25 ਅਪ੍ਰੈਲ (ਪੱਤਰ ਪ੍ਰੇਰਕ)-ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸੂਬਾ ਚੇਅਰਮੈਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਦੀ ਅਗਵਾਈ ਹੇਠ, ਸੂਬਾ ਪੱਧਰੀ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਪੰਜਾਬ ਭਰ ਤੋਂ ਆਏ ਚੁਣੇ ਨੁਮਾਇੰਦਿਆਂ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੀ ਦੂਰਅੰਦੇਸ਼ੀ ਅਗਵਾਈ ਨੂੰ ਯਾਦ ਕਰਦਿਆਂ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ | ਉਨ੍ਹਾਂ ਦੱਸਿਆ ਕਿ ਰਾਜੀਵ ਗਾਂਧੀ ਨੇ 73ਵੀਂ ਸੰਵਿਧਾਨਕ ਸੋਧ ਰਾਹੀਂ ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਦੇ ਕੇ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਅਤੇ ਪੇਂਡੂ ਭਾਰਤ ਨੂੰ ਸਹੀ ਮਾਅਨਿਆਂ ਵਿਚ ਤਾਕਤਵਰ ਬਣਾਇਆ | ਸਮਾਗਮ ਵਿਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ, ਡਾ. ਸੁਨੀਲ ਪੰਵਾਰ ਰਾਸ਼ਟਰੀ ਚੇਅਰਮੈਨ, ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ-ਮੁੱਖ ਮੰਤਰੀ, ਕੁਮਾਰੀ ਹੀਨਾ ਕਾਵਰੇ ਕੌਮੀ ਸਕੱਤਰ, ਡਾ. ਅਮਰ ਸਿੰਘ ਸੰਸਦ ਮੈਂਬਰ, ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ, ਜਸਬੀਰ ਸਿੰਘ ਡਿੰਪਾ ਸਾਬਕਾ ਮੈਂਬਰ ਪਾਰਲੀਮੈਂਟ, ਗਗਨਦੀਪ ਸਿੰਘ ਬੌਬੀ ਚੀਫ਼ ਕੋਆਰਡੀਨੇਟਰ ਮਨਰੇਗਾ, ਪੰਜਾਬ), ਹਰਦਿਆਲ ਸਿੰਘ ਕੰਬੋਜ ਸਾਬਕਾ ਵਿਧਾਇਕ, ਸੁਖਵੰਤ ਸਿੰਘ ਬਰਾੜ ਸਾਬਕਾ ਚੇਅਰਮੈਨ, ਸੀਤਾ ਰਾਮ ਲਾਂਬਾ ਤੇ ਹੋਰ ਸੀਨੀਅਰ ਲੀਡਰਸ਼ਿਪ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਅਤੇ ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਪੰਚਾਇਤੀ ਨੁਮਾਇੰਦਿਆਂ ਦਾ ਉਤਸ਼ਾਹ ਸਿੱਧ ਕਰਦਾ ਹੈ ਕਿ ਉਹ ਰਾਜੀਵ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ | ਆਗੂਆਂ ਨੇ ਪੰਚਾਇਤੀ ਸੰਸਥਾਵਾਂ ਦੀ ਖ਼ੁਦਮੁਖ਼ਤਿਆਰੀ ਨੂੰ ਬਰਕਰਾਰ ਰੱਖਣ ਅਤੇ ਪੇਂਡੂ ਪੰਜਾਬ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਤੇ ਆਤਮ-ਨਿਰਭਰ ਬਣਾਉਣ ਦੀ ਵਚਨਬੱਧਤਾ ਦੁਹਰਾਈ | ਅੰਤ ਵਿਚ ਸਮੂਹ ਮਹਿਮਾਨਾਂ ਅਤੇ ਪ੍ਰਤੀਨਿਧੀਆਂ ਦਾ ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ |