ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਪੱਧਰੀ ਸਕੂਲ ਵਾਹਨ ਕਮੇਟੀ ਨੇ ਮਾਧੋਪੁਰ ਚੌਕ ਸਰਹਿੰਦ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਅਚਨਚੇਤ 8 ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ | ਹਰਭਜਨ ਸਿੰਘ ਮਹਿਮੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਅਤਿ ਜ਼ਰੂਰੀ ਹੈ | ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਲਾਪਰਵਾਹੀ ਕਾਰਨ ਸੜਕੀ ਹਾਦਸਿਆਂ ਵਿਚ ਵਾਧਾ ਹੁੰਦਾ ਹੈ ਜਿਸ ਦੇ ਲਈ ਸਮੇਂ-ਸਮੇਂ ਦੇ ਸੇਫ਼ ਸਕੂਲ ਵਾਹਨ ਪਾਲਿਸੀ ਦੇ ਮੱਦੇਨਜ਼ਰ ਜਿੱਥੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਉੱਥੇ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ | ਮਹਿਮੀ ਨੇ ਦੱਸਿਆ ਕਿ ਬਾਲ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਿਆ ਦੇ ਮਾਪੇ ਉਨ੍ਹਾਂ ਨੂੰ ਛੋਟੀ ਉਮਰ ਵਿਚ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ ਅਤੇ ਜਿਹੜੀਆਂ ਸਕੂਲੀ ਬੱਸਾਂ ਵਿਚ ਬੱਚੇ ਸਫ਼ਰ ਕਰ ਰਹੇ ਹਨ, ਉਹ ਸੇਫ਼ ਸਕੂਲ ਵਾਹਨ ਪਾਲਿਸੀ ਮੁਤਾਬਿਕ ਨਿਯਮਾਂ ਨੂੰ ਪੂਰਾ ਹਨ, ਦਾ ਵਿਸ਼ੇਸ਼ ਧਿਆਨ ਰੱਖਣ | ਚੈਕਿੰਗ ਦੌਰਾਨ ਪੁਲਿਸ ਵਿਭਾਗ ਤੋਂ ਆਏ ਟ੍ਰੈਫਿਕ ਮੁਲਾਜ਼ਮਾਂ ਨੇ ਦੱਸਿਆ ਕਿ ਸਕੂਲੀ ਬੱਸਾਂ ਵਿਚ ਸੀ.ਸੀ.ਟੀ.ਵੀ ਕੈਮਰੇ ਅਤੇ ਬੱਸ ਜਿਸ ਵਿਚ ਵਿਦਿਆਰਥਣਾਂ ਸਫ਼ਰ ਕਰ ਰਹੀਆਂ ਹੋਣ ਮਹਿਲਾ ਅਟੈਂਡੈਂਟ, ਫਸਟ ਏਡ ਬਾਕਸ, ਸਪੀਡ ਗਵਰਨਰ ਲਗਾਉਣਾ ਅਤਿ ਜ਼ਰੂਰੀ ਹੈ | ਚੈਕਿੰਗ ਦੌਰਾਨ ਖ਼ਾਮੀਆਂ ਮਿਲਣ ਵਾਲੇ ਵਾਹਨਾਂ ਦੇ 5 ਚਲਾਨ ਕੀਤੇ ਗਏ | ਇਸ ਮੌਕੇ ਏ.ਆਰ.ਟੀ.ਓ ਮਨਿੰਦਰ ਸਿੰਘ, ਪਵਿੱਤਰ ਸਿੰਘ, ਮਨਜੋਧ ਸਿੰਘ ਸ਼ੋਸਲ ਵਰਕਰ, ਚਾਈਲਡ ਲਾਈਨ ਨਵਜੋਤ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ |