ਫ਼ਤਹਿਗੜ੍ਹ ਸਾਹਿਬ, 14 ਮਈ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਬਲਾਕ ਸਰਹਿੰਦ ਦੇ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਵਿਖੇ ਹੁਸੈਨਪੁਰਾ ਤੋਂ ਆਦਮਪੁਰ ਤੱਕ 2 ਕਿਲੋਮੀਟਰ ਲੰਬੀ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ | ਇਸ ਕਾਰਜ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਦਰਜਨ ਪਿੰਡਾਂ ਨੂੰ ਫ਼ਾਇਦਾ ਮਿਲੇਗਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ, ਜਿੱਥੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਸੜਕੀ ਸਿਸਟਮ ਨੂੰ ਠੀਕ ਕਰਨ ਲਈ ਸੂਬੇ ਦੀਆਂ 90 ਫ਼ੀਸਦੀ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਗਏ ਕੰਮਾਂ ਦੀ ਲੋਕ ਆਪ ਮੁਹਾਰੇ ਸ਼ਲਾਘਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ, ਉਨ੍ਹਾਂ ਦਾ ਨਵੀਨੀਕਰਨ ਕਰਵਾਇਆ ਗਿਆ ਹੈ | ਜਿਨ੍ਹਾਂ ਵਿਚ ਬਹੁਤ ਸਾਰੀਆਂ ਸੜਕਾਂ ਬਣ ਗਈਆਂ ਹਨ ਅਤੇ ਬਾਕੀ ਰਹਿੰਦੀਆਂ ਸੜਕਾਂ ਦਾ ਕਾਰਜ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ | ਪੱਤਰਕਾਰਾਂ ਦੇ ਸਵਾਲ ਦੇ ਜਵਾਬ 'ਚੋਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਸਬੰਧੀ ਜੋ ਕਾਨੂੰਨ ਬਣਾਇਆ ਗਿਆ ਹੈ, ਸੂਬੇ ਦਾ ਇਕ ਪਰਿਵਾਰ ਉਸ ਨੂੰ ਮੰਨਣ ਲਈ ਤਿਆਰ ਨਹੀਂ, ਪ੍ਰੰਤੂ ਵਿਸ਼ਵ ਭਰ 'ਚ ਉਸ ਕਾਨੂੰਨ ਦੀ ਸ਼ਲਾਘਾ ਹੋ ਰਹੀ ਹੈ | ਇਸ ਮੌਕੇ ਗ੍ਰਾਮ ਪੰਚਾਇਤ ਹੁਸੈਨਪੁਰਾ ਵਲੋਂ ਆਏ ਮਹਿਮਾਨਾਂ ਨੂੰ ਸਿਰੋਪਾਉ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ ਘੁੰਮਣ, ਬਲਜਿੰਦਰ ਆਦਮਪੁਰ, ਕਰਮਜੀਤ ਸਿੰਘ ਜੋਗੀ, ਸਰਪੰਚ ਰਾਜਵਿੰਦਰ ਕੌਰ, ਗੁਰਬਾਜ ਸਿੰਘ, ਜਸਵੰਤ ਸਿੰਘ, ਕਰਮਜੀਤ ਸਿੰਘ, ਕਰਨੈਲ ਸਿੰਘ, ਜਗਤਾਰ ਸਿੰਘ, ਜਗਦੀਪ ਸਿੰਘ, ਅਵਤਾਰ ਸਿੰਘ, ਲਖਬੀਰ ਸਿੰਘ, ਸਾਧੂ ਸਿੰਘ, ਅਨੋਖ ਸਿੰਘ ਤੇ ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ |