ਮੰਡੀ ਗੋਬਿੰਦਗੜ੍ਹ, 23 ਮਈ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ. 27 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਲਵੀ ਸਿੰਗਲਾ, ਪਤਨੀ ਸੰਚਿਤ ਸਿੰਗਲਾ 'ਆਪ' ਆਗੂ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ ਗਿਆ | ਰੋਡ ਸ਼ੋਅ ਦੌਰਾਨ ਇਲਾਕਾ ਵਾਸੀਆਂ ਵਲੋਂ ਭਰਪੂਰ ਸਮਰਥਨ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖ਼ਾਸ ਤੌਰ 'ਤੇ ਸ਼ਮੂਲੀਅਤ ਕਰਦੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ | ਉਨਾਂ ਕਿਹਾ ਕਿ 'ਆਪ' ਸ਼ਹਿਰ ਦੇ ਸਰਬਪੱਖੀ ਵਿਕਾਸ, ਬਿਹਤਰ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਹੂਲਤਾਂ ਲਈ ਵਚਨਬੱਧ ਹੈ | ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਦੇ ਸੁਨਹਿਰੇ ਭਵਿੱਖ ਅਤੇ ਵਿਕਾਸ ਲਈ ਪਲਵੀ ਸਿੰਗਲਾ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਇਆ ਜਾਵੇ, ਵਿਧਾਇਕ ਬੜਿੰਗ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਿਹਾ ਭਾਰੀ ਸਮਰਥਨ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ 'ਆਪ' ਸ਼ਾਨਦਾਰ ਜਿੱਤ ਦਰਜ ਕਰੇਗੀ | ਪਲਵੀ ਸਿੰਗਲਾ ਨੇ ਕਿਹਾ ਕਿ ਜੇਕਰ ਇਲਾਕਾ ਵਾਸੀ ਉਨਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਵਾਰਡ ਦੇ ਹਰ ਇਲਾਕੇ ਵਿਚ ਬਿਨਾਂ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾਣਗੇ | ਉਨਾਂ ਕਿਹਾ ਕਿ 'ਆਪ' ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਹਮੇਸ਼ਾ ਆਮ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਲਈ ਕੰਮ ਕਰਦੀ ਆਈ ਹੈ |