ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰਾਂ ਦੀ ਪਛਾਣ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ¢ ਉਨ੍ਹਾਂ ਦੱਸਿਆ ਕਿ 26 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਵੋਟਰ ਆਪਣੀ ਪਛਾਣ ਲਈ ਇਲੈਕਟੋਰਲ ਫ਼ੋਟੋ ਆਈਡੈਂਟਿਟੀ ਕਾਰਡ (ਈਪਿਕ) ਤੋਂ ਇਲਾਵਾ ਹੋਰ ਵਿਕਲਪਿਕ ਦਸਤਾਵੇਜ਼ ਵੀ ਵਰਤ ਸਕਣਗੇ¢ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਈਪਿਕ ਕਾਰਡ ਉਪਲੱਬਧ ਹੈ, ਉਹ ਆਪਣੇ ਕਾਰਡ ਰਾਹੀਂ ਵੋਟ ਪਾ ਸਕਣਗੇ¢ ਇਸ ਤੋਂ ਇਲਾਵਾ ਜਿਨ੍ਹਾਂ ਵੋਟਰਾਂ ਕੋਲ ਈਪਿਕ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫ਼ੋਟੋ ਵਾਲਾ ਪੈਨ ਕਾਰਡ, ਮਗਨਰੇਗਾ ਜਾਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫ਼ੋਟੋ ਸਮੇਤ ਆਰਮਜ਼ ਲਾਇਸੈਂਸ, ਪੈਨਸ਼ਨ ਦਸਤਾਵੇਜ਼, ਆਜ਼ਾਦੀ ਘੁਲਾਟੀਏ ਪਛਾਣ ਪੱਤਰ, ਬੈਂਕ ਜਾਂ ਡਾਕਖ਼ਾਨੇ ਦੀ ਫ਼ੋਟੋ ਵਾਲੀ ਪਾਸਬੁੱਕ, ਮਜ਼ਦੂਰੀ ਮੰਤਰਾਲੇ ਵਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਾਰੀ ਸਰਕਾਰੀ ਪਛਾਣ ਪੱਤਰ, ਯੂਨੀਕ ਡਿਸਏਬਿਲਟੀ ਆਈ.ਡੀ. ਕਾਰਡ, ਕੇਂਦਰ/ਰਾਜ ਸਰਕਾਰ, ਪੀ.ਐਸ.ਯੂ. ਜਾਂ ਪਬਲਿਕ ਲਿਮਟਿਡ ਕੰਪਨੀਆਂ ਵਲੋਂ ਜਾਰੀ ਸਰਵਿਸ ਆਈ.ਡੀ. ਕਾਰਡ ਅਤੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਵਲੋਂ ਜਾਰੀ ਵਿਦਿਆਰਥੀ ਪਛਾਣ ਪੱਤਰ ਦੀ ਵਰਤੋਂ ਕਰ ਸਕਦੇ ਹਨ¢ ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਨਾ ਯਕੀਨੀ ਬਣਾਈ ਜਾਵੇਗੀ¢ ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਵਾਲੇ ਦਿਨ ਆਪਣੇ ਨਾਲ ਲਾਜ਼ਮੀ ਪਛਾਣ ਦਸਤਾਵੇਜ਼ ਜ਼ਰੂਰ ਲੈ ਕੇ ਆਉਣ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ |