ਮੰਡੀ ਗੋਬਿੰਦਗੜ੍ਹ, 5 ਜੂਨ (ਇਕਬਾਲਦੀਪ ਸੰਧੂ)-ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਮੋਹਿਤ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਕਲ ਪੁਆਇੰਟ ਪਾਰਕ ਮੰਡੀ ਗੋਬਿੰਦਗੜ੍ਹ ਵਿਖੇ ਵਾਤਾਵਰਨ ਜਾਗਰੂਕਤਾ ਮੁਹਿੰਮ ਤਹਿਤ ਬੋਰਡ ਵਲੋਂ ਪੌਦੇ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਵਾਤਾਵਰਨ ਸੰਭਾਲ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੌਦੇ ਲਗਾਉਣ ਦੀ ਇਹ ਮੁਹਿੰਮ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਵਿਚ ਲਾਹੇਵੰਦ ਸਾਬਤ ਹੋਵੇਗੀ | ਉਨ੍ਹਾਂ ਦੱਸਿਆ ਕਿ ਵਾਤਾਵਰਨ ਸੁਰੱਖਿਆ ਅਤੇ ਹਰੇ ਭਰੇ ਭਵਿੱਖ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਪਾਰਕ ਨੂੰ ਹੋਰ ਵਿਕਸਤ ਅਤੇ ਸੁੰਦਰ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਵੀ ਸ਼ਹਿਰ ਵਿਚ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਦੌਰਾਨ ਅਮਲੋਹ ਰੋਡ ਅਤੇ ਨਹਿਰ ਡਿਸਟਰੀਬਿਊਟਰੀ ਦੇ ਨਾਲ-ਨਾਲ ਲਗਪਗ 200 ਪੌਦੇ ਲਗਾਏ ਗਏ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲ਼ੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਸ਼ੁੱਧ ਤਾਜ਼ਾ ਹਵਾ ਦੇ ਨਾਲ-ਨਾਲ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾਵੇ |