ਫ਼ਤਹਿਗੜ੍ਹ ਸਾਹਿਬ, 8 ਜੂਨ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਦੇਸੀ ਪਿਸਟਲ 315, ਜਿੰਦਾ ਰੌਂਦ ਅਤੇ ਨਸ਼ੇ ਦੇ ਸਮਾਨ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਕਪਤਾਨ ਪੁਲਿਸ (ਜਾਂਚ) ਜਸਕੀਰਤ ਸਿੰਘ ਅਹੀਰ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀਆਂ ਹਦਾਇਤਾਂ ਤਹਿਤ ਭੈੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਡੀ.ਐਸ.ਪੀ (ਜਾਂਚ) ਖੁਸ਼ਪ੍ਰੀਤ ਸਿੰਘ ਦੀ ਨਿਗਰਾਨੀ ਅਤੇ ਸੀ.ਆਈ.ਏ ਸਟਾਫ਼ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਜਤਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਤਿੰਨ ਨੌਜਵਾਨਾਂ ਨੂੰ ਦੇਸੀ ਪਿਸਟਲ 315, ਜਿੰਦਾ ਰੌਂਦ 315 ਬੋਰ, ਜਿੰਦਾ ਰੌਂਦ 30 ਬੋਰ ਸਮੇਤ ਗਿ੍ਫ਼ਤਾਰ ਕੀਤਾ | ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਬਡਾਲੀ ਆਲਾ ਸਿੰਘ ਵਿਖੇ ਬੀ.ਐਨ.ਐਸ ਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੇ ਸਬੰਧ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨਾਲ ਹਨ, ਜਿਨ੍ਹਾਂ ਦੇ ਇਸ਼ਾਰੇ 'ਤੇ ਉਕਤ ਨੌਜਵਾਨ ਨਜਾਇਜ਼ ਅਸਲੇ ਦੀ ਸਪਲਾਈ, ਨਸ਼ੇ ਦਾ ਕਾਰੋਬਾਰ ਅਤੇ ਲੋਕਾਂ ਤੋਂ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ਼ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਕਾਰਵਾਈ ਕਰਦਿਆਂ ਹਰਮਨਦੀਪ ਸਿੰਘ ਵਾਸੀ ਪਿੰਡ ਮਹਿਤਾਬਗੜ੍ਹ, ਰੂਪਨ ਸਿੰਘ ਵਾਸੀ ਪਿੰਡ ਤਿੰਬਰਪਰ ਅਤੇ ਗੁਰਜੰਟ ਸਿੰਘ ਉਰਫ਼ ਜੰਟੀ ਵਾਸੀ ਚੁੰਨੀ ਕਲਾਂ ਥਾਣਾ ਬਡਾਲੀ ਆਲਾ ਸਿੰਘ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਆਪਣੇ ਸਾਥੀਆਂ ਨਾਲ ਮਿਲ ਕੇ ਇਲਾਕੇ ਵਿਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਕਪਤਾਨ ਪੁਲਿਸ ਨੇ ਦੱਸਿਆ ਕਿ ਉਕਤਾਨ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮੁਕੱਦਮੇ ਦਰਜ ਹਨ | ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕੋਲੋਂ ਤਫ਼ਤੀਸ਼ ਦੌਰਾਨ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਉਕਤਾਨ ਕੋਲੋਂ ਇਹ ਵੀ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨਜਾਇਜ਼ ਅਸਲਾ ਕਿੱਥੋਂ ਲਿਆਉਂਦੇ ਸਨ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਉਨ੍ਹਾਂ ਦੇ ਹੋਰ ਕਿਹੜੇ ਸਾਥੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ |