08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮਾੜੀ ਬਿਜਲੀ ਸਪਲਾਈ ਦੇ ਝੰਬੇ ਕਿਸਾਨਾਂ ਨੇ ਭਾਕਿਯੂ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਐਕਸੀਅਨ ਸਰਹਿੰਦ ਦੇ ਦਫ਼ਤਰ ਦਾ ਕੀਤਾ ਘਿਰਾਓ

Ad Position 21
No active advertisement
ਅਜੀਤ ਡੈਸਕ 30-06-2026
ਫ਼ਤਹਿਗੜ੍ਹ ਸਾਹਿਬ, 29 ਜੂਨ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ ਦੀ ਅਗਵਾਈ ਹੇਠ ਪਾਵਰਕਾਮ ਦੀ ਮਾੜੀ ਬਿਜਲੀ ਸਪਲਾਈ ਦੇ ਝੰਬੇ ਕਿਸਾਨਾਂ ਵਲੋਂ ਐਕਸੀਅਨ ਦਫ਼ਤਰ ਸਰਹਿੰਦ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਗੁਰਜੀਤ ਸਿੰਘ ਵਜੀਦਪੁਰ ਨੇ ਕਿਹਾ ਕਿ ਕਿਸਾਨਾਂ ਵਲੋਂ ਪੰਜਾਬ ਸਰਕਾਰ ਦੀ ਅਪੀਲ ਨੂੰ ਮੰਨਦੇ ਹੋਏ ਨਿਰਧਾਰਿਤ ਕੀਤੀ ਤਰੀਕ ਤੋਂ ਬਾਅਦ ਹੀ ਝੋਨਾ ਲਾਉਣਾ ਸ਼ੁਰੂ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਝੋਨੇ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਪੂਰੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਬਿਜਲੀ ਬੋਰਡ ਵਲੋਂ ਦੋ ਤੋਂ ਤਿੰਨ ਘੰਟੇ ਮੋਟਰਾਂ ਨੂੰ ਬਿਜਲੀ ਸਪਲਾਈ ਦੇ ਕੇ ਬਾਕੀ ਦਾ ਸਮਾਂ ਪਾਵਰ ਕੱਟ ਲਗਾ ਕੇ ਹੀ ਅੱਠ ਘੰਟੇ ਬਿਜਲੀ ਸਪਲਾਈ ਕਾਗ਼ਜ਼ਾਂ ਵਿਚ ਪੂਰੀ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਮਜਬੂਰੀਵਸ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਝੋਨੇ ਨੂੰ ਪਾਣੀ ਲਗਾਉਣਾ ਪੈ ਰਿਹਾ ਹੈ ਅਤੇ ਕਈ ਕਿਸਾਨਾਂ ਨੂੰ ਜਿੰਨਾ ਕੋਲ ਜਨਰੇਟਰ ਦਾ ਵੀ ਪ੍ਰਬੰਧ ਨਹੀਂ ਹੈ, ਉਹ ਕਿਸਾਨ ਆਪਣਾ ਝੋਨਾ ਵਾਹੁਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਗੁਰਜਿੰਦਰ ਸਿੰਘ ਖੋਜੇਮਾਜਰਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਸਰਕਾਰ ਵਲੋਂ ਡਾ. ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ ਨਾ ਮਿਲਣ ਕਾਰਨ ਆਰਥਿਕ ਤੌਰ ਤੇ ਟੁੱਟ ਚੁੱਕੇ ਹਨ, ਜੇਕਰ ਸਰਕਾਰ ਵਲੋਂ ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਅਨੁਸਾਰ ਨਿਰਧਾਰਿਤ ਕੀਤੇ ਜਾਣ ਅਤੇ ਐਮ.ਐਸ.ਪੀ ਦਾ ਗਾਰੰਟੀ ਕਾਨੂੰਨ ਲਾਗੂ ਕੀਤਾ ਜਾਵੇ ਤਾਂ ਫਿਰ ਉਸ ਵਿਚ ਜੋ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਆਪਣੀ ਫ਼ਸਲ ਪਾਲ ਰਹੇ ਹਨ, ਉਸ ਮਹਿੰਗੇ ਭਾਅ ਦੇ ਡੀਜ਼ਲ ਦੇ ਪੈਸੇ ਵੀ ਝੋਨੇ ਦੀ ਫ਼ਸਲ ਦੀ ਐਮ.ਐਸ.ਪੀ ਵਿਚ ਜਮ੍ਹਾ ਹੋਣੇ ਸਨ ਪਰ ਸਰਕਾਰ ਕਿਸਾਨਾਂ ਨੂੰ ਨਾ ਤਾਂ ਸਵਾਮੀਨਾਥਨ ਦੇ ਫ਼ਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ ਦੇ ਰਹੀ ਹੈ ਉਲਟਾ ਕਿਸਾਨਾਂ ਨੂੰ ਹੋਰ ਆਰਥਿਕ ਤੌਰ ਤੇ ਤੋੜਨ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਕਿਸਾਨਾਂ ਦੇ ਹੱਕ ਵਿਚ ਖੜਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਐਕਸੀਅਨ ਸਰਹਿੰਦ ਦੇ ਦਫ਼ਤਰ ਵਿਖੇ ਇਹ ਧਰਨਾ ਦਿੱਤਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਜੋ ਪਾਵਰ ਕੱਟ ਲੱਗਦੇ ਹਨ ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਐਕਸੀਅਨ ਸਰਹਿੰਦ ਨੇ ਜਥੇਬੰਦੀ ਤੋਂ ਇਕ ਦਿਨ ਦਾ ਸਮਾਂ 8 ਘੰਟੇ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੰਗਿਆ। ਜਿਸ ਉਪਰੰਤ ਜਥੇਬੰਦੀ ਵਲੋਂ ਐਕਸੀਅਨ ਸਰਹਿੰਦ ਨੂੰ ਦੋ ਦਿਨ ਦਾ ਸਮਾਂ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਦਿੱਤਾ ਗਿਆ ਅਤੇ ਜੇਕਰ ਇਨ੍ਹਾਂ ਦੋ ਦਿਨਾਂ ਵਿਚ ਕਿਸਾਨਾਂ ਨੂੰ ਪੂਰੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲਦੀ ਤਾਂ ਫਿਰ ਜਥੇਬੰਦੀ ਆਪਣੇ ਕਿਸਾਨਾਂ ਦੇ ਹੱਕ ਵਿਚ ਖੜਦੇ ਹੋਏ ਸੜਕਾਂ ਉੱਪਰ ਉੱਤਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ’ਤੇ ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਵਿਚ ਪ੍ਰਕਾਸ਼ ਸਿੰਘ ਬੱਬਲ, ਅਵਤਾਰ ਸਿੰਘ ਡੰਘੇੜੀਆਂ, ਰਜਿੰਦਰ ਸਿੰਘ ਬੱਬੀ, ਬਲਦੇਵ ਸਿੰਘ ਮੁੱਲਾਂਪੁਰ, ਬਲਪ੍ਰੀਤ ਸਿੰਘ ਅਬਦਲਾਪੁਰ, ਇਕਬਾਲ ਸਿੰਘ ਗੋਪਾਲੋਂ, ਅਮਰਜੀਤ ਸਿੰਘ ਮੈੜਾਂ, ਕਰਨੈਲ ਸਿੰਘ ਜਟਾਣਾਂ, ਅਵਤਾਰ ਸਿੰਘ ਖਰੌੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਤੇ ਮੈਂਬਰਾਂ ਵਲੋਂ ਭਾਈ ਹਿੰਮਤ ਸਿੰਘ ਜੀ ਦੇ ਜਨਮ ਅਸਥਾਨ ਦਾ ਦੌਰਾ... ਅਗਲੀ ਖ਼ਬਰ ਮਹਿਮੂਦਪੁਰ ਅਰਾਈਆਂ ਵਿਖੇ ਨਿਰਮਲ ਸਿੰਘ ਭੱਟੀਆਂ ਨੇ ਕਾਂਗਰਸ ਵਰਕਰਾਂ ਨਾਲ ਕੀਤੀ ਮੀਟਿੰਗ
Ad Position 24