ਫ਼ਤਹਿਗੜ੍ਹ ਸਾਹਿਬ, 2 ਜੁਲਾਈ (ਬਲਜਿੰਦਰ ਸਿੰਘ)-ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਰਾਸ਼ਟਰਪਤੀ ਭਵਨ ਵਿਚ ਕਰਵਾਏ ਗਏ ਗੌਰਵਮਈ ਸਮਾਰੋਹ ਦੌਰਾਨ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਵੱਕਾਰੀ ਸਨਮਾਨ ਭਾਰਤੀ ਸ਼ਸਤਰ ਬਲਾਂ ਵਿਚ ਸ਼ਾਂਤੀ ਕਾਲ ਦੌਰਾਨ ਅਸਾਧਾਰਨ, ਮਿਸਾਲੀ ਅਤੇ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਫ਼ੌਜੀ ਅਧਿਕਾਰੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਲੈਫ਼ਟੀਨੈਂਟ ਜਨਰਲ ਸਾਹੀ ਨੂੰ ਇਹ ਸਨਮਾਨ ਦੇਸ਼ ਦੀ ਰੱਖਿਆ ਅਤੇ ਫ਼ੌਜ ਵਿਚ ਉਨ੍ਹਾਂ ਦੇ ਲੰਬੇ ਅਤੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ। ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਨਬੀਪੁਰ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਕਿਉਂਕਿ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਪਿੰਡ ਨਬੀਪੁਰ ਦੇ ਜੰਮਪਲ ਹਨ। ਪਿੰਡ ਵਾਸੀਆਂ, ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਇਸ ਪ੍ਰਾਪਤੀ ਨੂੰ ਪੂਰੇ ਪੰਜਾਬ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਲਈ ਵੱਡੇ ਮਾਣ ਦੀ ਗੱਲ ਦੱਸਿਆ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਪੁੱਤਰ ਨੇ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ, ਵਿਲੱਖਣ ਲਗਨ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਭਾਰਤੀ ਫ਼ੌਜ ਦੇ ਉੱਚਕੋਟੀ ਸਭ ਤੋਂ ਵੱਧ ਸਨਮਾਨਾਂ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਇੱਕ ਸੀਨੀਅਰ ਅਧਿਕਾਰੀ ਹਨ। ਉਹ ਭਾਰਤੀ ਫ਼ੌਜ ਵਲੋਂ ਪਹਿਲਾਂ ਹੀ ਵੱਖ-ਵੱਖ ਸਮਿਆਂ ਤੇ ਸੈਨਾ ਮੈਡਲ, ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ ਤੇ ਉੱਤਮ ਯੁੱਧ ਸੇਵਾ ਮੈਡਲ ਨਾਲ ਸਨਮਾਨੇ ਜਾ ਚੁੱਕੇ ਹਨ। ਹੁਣ ਉਨ੍ਹਾਂ ਨੂੰ ਫ਼ੌਜ ਵਿਚ ਸ਼ਾਨਦਾਰ ਸੇਵਾਵਾਂ ਲਈ ਦੇਸ਼ ਦੀਆਂ ਫ਼ੌਜਾਂ ਦੇ ਸੁਪਰੀਮ ਕਮਾਂਡਰ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵਲੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਅੱਜ ਕੱਲ੍ਹ ਚੰਡੀਮੰਦਰ ਵਿਖੇ ਭਾਰਤੀ ਫ਼ੌਜ ਦੇ ਪੱਛਮੀ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦੇ ਅਹੁਦੇ ’ਤੇ ਤਾਇਨਾਤ ਹਨ । ਇਸ ਇਤਿਹਾਸਕ ਅਤੇ ਮਾਣਮੱਤੀ ਪ੍ਰਾਪਤੀ ’ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਬਾਰ ਐਸੋਸੀਏਸ਼ਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਅਜਾਇਬ ਸਿੰਘ ਜਖਵਾਲੀ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਜ਼ਿਲ੍ਹਾ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਜਸਵਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ ਮਾਨ, ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਨਬੀਪੁਰ ਵਲੋਂ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੂੰ ਵਧਾਈ ਸੰਦੇਸ਼ ਭੇਜੇ ਗਏ ਹਨ।