09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਅਮਲੋਹ ਨੂੰ ਸਿੱਧਾ ਜੀ.ਟੀ. ਰੋਡ ਨਾਲ ਜੋੜਨ ਵਾਲੇ ਬਾਈਪਾਸ ਦੀ ਚਿਰੋਕਣੀ ਮੰਗ ਜਲਦ ਹੋਵੇਗੀ ਪੂਰੀ-ਗੈਰੀ ਬੜਿੰਗ

Ad Position 21
No active advertisement
ਅਜੀਤ ਡੈਸਕ 03-07-2026
ਅਮਲੋਹ, 2 ਜੁਲਾਈ (ਹਰਪ੍ਰੀਤ ਸਿੰਘ ਗਿੱਲ)- ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਸੜਕਾਂ ਕਿਸੇ ਵੀ ਹਲਕੇ ਦੀ ਉੱਨਤੀ ਅਤੇ ਤਰੱਕੀ ਦੀ ਬੁਨਿਆਦ ਹੁੰਦੀਆਂ ਹਨ ਅਤੇ ਜਿੱਥੇ ਸੜਕਾਂ ਮਜ਼ਬੂਤ ਹੁੰਦੀਆਂ ਹਨ, ਉੱਥੇ ਵਿਕਾਸ ਦੀ ਰਫ਼ਤਾਰ ਆਪਣੇ ਆਪ ਤੇਜ਼ ਹੋ ਜਾਂਦੀ ਹੈ। ਹਲਕਾ ਵਿਧਾਇਕ ਅੱਜ ਨਿਰਮਾਣ ਅਧੀਨ ਸੜਕਾਂ ਦੇ ਹੋ ਰਹੇ ਕੰਮਾਂ ਦਾ ਜਾਇਜ਼ਾ ਲੈਣ ਸਮੇਂ ਹਰੀਪੁਰ ਮਾਈਨਰ ਉੱਪਰ ਪਿੰਡ ਭਾਂਬਰੀ ਨਜ਼ਦੀਕ ਲੱਗੇ ਪੁਲ਼ ਉੱਪਰ ਇਲਾਕੇ ਦੇ ਮੁਹਤਵਰ ਵਿਅਕਤੀਆਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹਲਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਜਿਸ ਵਿਚ ਅਮਲੋਹ ਤੋਂ ਸਿੱਧਾ ਜੀ.ਟੀ. ਰੋਡ ਨੂੰ ਜੋੜਨ ਵਾਲੇ ਬਾਈਪਾਸ ਦੀ ਪਿਛਲੇ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ, ਉੱਪਰ ਵੀ ਕੰਮ ਸ਼ੁਰੂ ਹੋ ਗਿਆ ਹੈ, ਜੋ ਬਹੁਤ ਜਲਦ ਮੁਕੰਮਲ ਹੋ ਜਾਵੇਗਾ। ਉਨ੍ਹਾਂ ਪਿੰਡ ਹਰੀਪੁਰ ਤੋਂ ਸ਼ੇਰਪੁਰ ਮਾਜਰੇ ਤੱਕ ਹਰੀਪੁਰ ਮਾਈਨਰ ਦੇ ਨਾਲ-ਨਾਲ ਬਣ ਰਹੀ ਨਵੀਂ ਸੜਕ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਹਲਕੇ ਦੇ ਦਰਜਨਾਂ ਪਿੰਡ ਬਿਲਕੁਲ ਸਿੱਧੇ ਤੌਰ ਤੇ ਅਨਾਜ ਮੰਡੀ ਨਾਲ ਜੁੜ ਜਾਣਗੇ ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਦੇ ਮੰਡੀਕਰਨ ਲਈ ਵੱਡੀ ਸਹੂਲਤ ਹੋ ਜਾਵੇਗੀ। ਉਨ੍ਹਾਂ ਅੰਕੜਿਆਂ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਅਮਲੋਹ ਅਧੀਨ ਕੁੱਲ 69 ਲਿੰਕ ਸੜਕਾਂ ਨੂੰ ਵੱਖ-ਵੱਖ ਪ੍ਰੋਜੈਕਟਾਂ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ 187.73 ਕਿੱਲੋਮੀਟਰ ਹੈ, ਜਿਨ੍ਹਾਂ ਦੇ ਨਿਰਮਾਣ ਅਤੇ ਆਧੁਨਿਕੀਕਰਨ ਲਈ 60.94 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਸੜਕਾਂ ਦੀ ਪੰਜ ਸਾਲਾਂ ਦੀ ਸਾਂਭ-ਸੰਭਾਲ ਲਈ 6.76 ਕਰੋੜ ਰੁਪਏ ਦੀ ਵੱਖਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2022-23, 2023-24 ਅਤੇ 2024-25 ਦੇ ਪ੍ਰੋਜੈਕਟਾਂ ਤਹਿਤ 35 ਲਿੰਕ ਸੜਕਾਂ ਜਿਨ੍ਹਾਂ ਦੀ ਕੁੱਲ ਲੰਬਾਈ 71.81 ਕਿੱਲੋਮੀਟਰ ਬਣਦੀ ਹੈ, ਲਈ 10.08 ਕਰੋੜ ਰੁਪਏ ਮਨਜ਼ੂਰ ਹੋਏ ਹਨ। ਇਨ੍ਹਾਂ ਵਿਚੋਂ 15 ਸੜਕਾਂ ਦਾ ਓ.ਜੀ.ਪੀ.ਸੀ. ਕੰਮ ਪੂਰਾ ਹੋ ਚੁੱਕਾ ਹੈ ਅਤੇ 16 ਸੜਕਾਂ ’ਤੇ ਪੱਥਰ ਪਾਇਆ ਜਾ ਚੁੱਕਾ ਹੈ, ਜਿਨ੍ਹਾਂ ’ਤੇ ਜਲਦ ਓ.ਜੀ.ਪੀ.ਸੀ. ਪੈ ਜਾਵੇਗਾ। ਇਸੇ ਤਰ੍ਹਾਂ ਮਾਡਰਨਾਈਜ਼ੇਸ਼ਨ ਫੇਜ਼-1 ਵਿਚ ਬਲਾਕ ਅਮਲੋਹ ਦੀਆਂ 7 ਸੜਕਾਂ ਕੁੱਲ ਲੰਬਾਈ 20.64 ਕਿੱਲੋਮੀਟਰ ਬਣਦੀ ਹੈ, ਲਈ 2.85 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਵਿਚੋਂ ਵੀ ਪੰਜ ਸੜਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀਆਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਗੈਰੀ ਬੜਿੰਗ ਨੇ ਦੱਸਿਆ ਕਿ ਮਾਡਰਨਾਈਜ਼ੇਸ਼ਨ ਫੇਜ਼-2 ਤਹਿਤ ਹਲਕੇ ਵਿਚ ਸਭ ਤੋਂ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ, ਜਿਸ ਅਧੀਨ 27 ਸੜਕਾਂ ਜਿਨ੍ਹਾਂ ਦੀ ਲੰਬਾਈ 95.28 ਕਿੱਲੋਮੀਟਰ ਬਣਦੀ ਹੈ, ਲਈ 48.02 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਵਿਚ ਲੋਹਾ ਉਦਯੋਗ ਵਾਲੀਆਂ ਸੜਕਾਂ ਨੂੰ ਇੰਟਰਲਾਕ ਨਾਲ ਬਣਾਉਣ ਦਾ ਕੰਮ ਵੀ ਸ਼ਾਮਲ ਹੈ ਅਤੇ ਅਮਲੋਹ ਬਾਈਪਾਸ, ਜੋ ਨਵੇਂ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਜੀ.ਟੀ. ਰੋਡ ਨੂੰ ਟੱਚ ਕਰੇਗਾ, ਵੀ ਇਸੇ ਫੇਜ਼ ਦਾ ਹਿੱਸਾ ਹੈ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਅਮਲੋਹ ਅਧੀਨ 11 ਨਵੀਆਂ ਸੜਕਾਂ (ਕੁੱਲ 33.54 ਕਿੱਲੋਮੀਟਰ) ਦਾ ਨਿਰਮਾਣ ਵੀ ਪ੍ਰਗਤੀ ਅਧੀਨ ਹੈ। ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਬਣਾਈਆਂ ਜਾ ਰਹੀਆਂ ਇਨ੍ਹਾਂ ਸੜਕਾਂ ਦੀ ਗੁਣਵੱਤਾ ਤੇ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ, ਸਗੋਂ ਸਰਕਾਰ ਵਲੋਂ ਅਗਲੇ ਪੰਜ ਸਾਲ ਤੱਕ ਸੜਕਾਂ ਅਤੇ ਸੜਕਾਂ ਦੇ ਨਾਲ ਲੱਗਦੇ ਬਰਮਾਂ ਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਵੀ ਸਬੰਧਿਤ ਠੇਕੇਦਾਰਾਂ ਤੇ ਪਾਈ ਹੋਈ ਹੈ। ਜਿਸ ਨਾਲ ਹਲਕੇ ਦੀ ਆਵਾਜਾਈ ਸੁਵਿਧਾ ਵਿਚ ਲੰਬੇ ਸਮੇਂ ਤੱਕ ਵੱਡਾ ਸੁਧਾਰ ਬਣਿਆ ਰਹੇਗਾ। ਇਸ ਮੌਕੇ ਤੇ ਪਿੰਡ ਮਾਨਗੜ੍ਹ, ਬੈਣਾ ਬੁਲੰਦ, ਭੱਟੋ ਸਮੇਤ ਕਈ ਹੋਰ ਪਿੰਡਾਂ ਦੇ ਪੰਚ, ਸਰਪੰਚ ਤੇ ਮੁਹਤਬਰ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁਲਜੀਤ ਸਿੰਘ ਨਾਗਰਾ ਨੂੰ ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ ਦਾ ਕੋ-ਚੇਅਰਮੈਨ ਬਣਾਉਣਾ ਸ਼ਲਾਘਾਯੋਗ-ਐਡਵੋਕੇਟ ਵਰਮਾ ਅਗਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਨੂੰ ‘ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ’ ਦੇ ਕੋ-ਚੇਅਰਮੈਨ ਵਜੋਂ ਮਿਲੀ ਜ਼ਿੰਮੇਵਾਰੀ
Ad Position 24