ਫ਼ਤਹਿਗੜ੍ਹ ਸਾਹਿਬ, 10 ਜੁਲਾਈ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਲੇ ਰੰਗ ਦੇ ਕੱਪੜੇ ਤੇ ਕਾਲੇ ਚੋਲੇ ਪਾ ਕੇ ‘ਕਾਲਾ ਦਿਵਸ’ ਮਨਾਇਆ। ਜਿਸ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ, ਹੈਲਪਰਾਂ ਤੇ ਯੂਨੀਅਨ ਆਗੂਆਂ ਨੇ ਹਿੱਸਾ ਲਿਆ। ਧਰਨੇ ਦੌਰਾਨ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਂਗਣਵਾੜੀ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਵਾਅਦਿਆਂ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਦੇਸ਼ ਭਰ ਵਿਚ ਸਾਲਾਂ ਤੋਂ ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸੇਵਾ ਕਰ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਅੱਜ ਤੱਕ ਸਰਕਾਰੀ ਕਰਮਚਾਰੀ ਦਾ ਦਰਜਾ ਨਹੀਂ ਦਿੱਤਾ ਗਿਆ, ਨਾ ਹੀ ਉਨ੍ਹਾਂ ਲਈ ਪੈਨਸ਼ਨ, ਗ੍ਰੈਚੁਟੀ, ਬੀਮਾ ਜਾਂ ਹੋਰ ਸਮਾਜਿਕ ਸੁਰੱਖਿਆ ਦੀ ਕੋਈ ਪੱਕੀ ਵਿਵਸਥਾ ਕੀਤੀ ਗਈ ਹੈ। ਪੰਜੋਲਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ’ਤੇ ਬਿਨਾਂ ਮੋਬਾਈਲ ਫ਼ੋਨ, ਇੰਟਰਨੈੱਟ ਅਤੇ ਹੋਰ ਲੋੜੀਂਦੀਆਂ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਏ ਆਨਲਾਈਨ ਕੰਮ ਕਰਨ ਲਈ ਨਾਜਾਇਜ਼ ਦਬਾਅ ਪਾਇਆ ਜਾ ਰਿਹਾ ਹੈ। ਜਦ ਕਿ ਸਰਕਾਰ ਵਲੋਂ ਲੋੜੀਂਦੇ ਸਾਧਨ ਹੀ ਨਹੀਂ ਦਿੱਤੇ ਜਾਂਦੇ, ਤਾਂ ਮੁਲਾਜ਼ਮਾਂ ਨੂੰ ਆਨਲਾਈਨ ਰਿਪੋਰਟਿੰਗ, ਡਾਟਾ ਅੱਪਲੋਡ ਤੇ ਹੋਰ ਡਿਜ਼ਿਟਲ ਕੰਮਾਂ ਲਈ ਮਜਬੂਰ ਕਰਨਾ ਬੇਇਨਸਾਫ਼ੀ ਤੇ ਧੱਕੇਸ਼ਾਹੀ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਭੱਤਾ ਅਤੇ ਸਾਲਾਨਾ ਇੰਕਰੀਮੈਂਟ ਤੁਰੰਤ ਦੁੱਗਣਾ ਕੀਤਾ ਜਾਵੇ। ਇਸ ਤੋਂ ਇਲਾਵਾ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀ ਦਾ ਪੱਕਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਉਜ਼ਰਤਾਂ ਦਾ ਕਾਨੂੰਨ ਆਂਗਣਵਾੜੀ ਮੁਲਾਜ਼ਮਾਂ ’ਤੇ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਅਤੇ ਉਨ੍ਹਾਂ ਲਈ ਪੈਨਸ਼ਨ, ਗ੍ਰੈਚੁਟੀ, ਬੀਮਾ ਅਤੇ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਲਾਗੂ ਕੀਤੀਆਂ ਜਾਣ। ਇਸ ਮੌਕੇ ਯੂਨੀਅਨ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਕੰਮ ਕਰ ਰਹੀਆਂ ਸਖ਼ੀਆਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਯੂਨੀਅਨ ਵਲੋਂ ਘਰ-ਘਰ ਜਾ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਪ੍ਰਚਾਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਪ੍ਰਦਰਸ਼ਨ ਦੇ ਅੰਤ ਵਿਚ ਯੂਨੀਅਨ ਆਗੂਆਂ ਨੇ ਇਕਜੁੱਟ ਰਹਿ ਕੇ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ ਤੇ ਸਰਕਾਰਾਂ ਤੋਂ ਮੰਗ ਕੀਤੀ ਕਿ ਆਂਗਣਵਾੜੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਇਸ ਮੌਕੇ ਗੁਰਮੀਤ ਕੌਰ ਚੁੰਨੀ, ਗੁਰਬਚਨ ਕੌਰ, ਜਸਵਿੰਦਰ ਕੌਰ, ਭਿੰਦਰ ਕੌਰ, ਨੀਨਾ ਰਾਣੀ, ਸਤਵੰਤ ਕੌਰ,ਪਰਮਜੀਤ ਕੌਰ, ਬਲਵਿੰਦਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਬਲਵਿੰਦਰ ਕੌਰ ਪੰਜੋਲੀ, ਚਰਨਜੀਤ ਕੌਰ, ਸੁਰਜੀਤ ਕੌਰ, ਸੁਰਿੰਦਰ ਕੌਰ, ਨੀਲਮ ਕੌਰ, ਕੁਲਵੰਤ ਕੌਰ, ਚਰਨਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਆਂਗਣਵਾੜੀ ਯੂਨੀਅਨ ਦੇ ਆਗੂ ਅਤੇ ਵਰਕਰ ਸ਼ਾਮਿਲ ਸਨ।