ਮੰਡੀ ਗੋਬਿੰਦਗੜ੍ਹ, 10 ਜੁਲਾਈ (ਇਕਬਾਲਦੀਪ ਸੰਧੂ)-ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸਿਹਤ ਵਿਭਾਗ ਵਲੋਂ ਡੇਂਗੂ, ਚਿਕਣਗੁਨੀਆਂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ ਡਰਾਈ ਡੇਅ ਮੁਹਿੰਮ ਤਹਿਤ ਇਕਬਾਲ ਨਗਰ ਵਿਖੇ ਵਿਸ਼ੇਸ਼ ਸਰਵੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਟੀਮ ਨੇ ਕੂਲਰਾਂ, ਫ਼ਰਿਜਾਂ ਦੀਆਂ ਟਰੇਆਂ, ਗਮਲਿਆਂ, ਪੁਰਾਣੇ ਟਾਇਰਾਂ ਤੇ ਟੁੱਟੇ-ਭੱਜੇ ਸਾਮਾਨ ਸਮੇਤ ਉਨ੍ਹਾਂ ਸਾਰੀਆਂ ਥਾਵਾਂ ਦੀ ਜਾਂਚ ਕੀਤੀ, ਜਿੱਥੇ ਪਾਣੀ ਖੜ੍ਹਾ ਹੋਣ ਕਾਰਨ ਮੱਛਰ ਪੈਦਾ ਹੋ ਸਕਦੇ ਹਨ। ਮੌਕੇ ’ਤੇ ਖੜ੍ਹਾ ਪਾਣੀ ਖ਼ਾਲੀ ਕਰਵਾਇਆ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ ਦੇ 11 ਚਲਾਨ ਵੀ ਕੱਟੇ ਗਏ। ਸਿਹਤ ਵਿਭਾਗ ਦੀ ਟੀਮ ਨੇ ਮੁਹੱਲਾ ਨਿਵਾਸੀਆਂ ਨੂੰ ਪੈਂਫਲੈੱਟ ਵੰਡ ਕੇ ਡੇਂਗੂ, ਚਿਕਣਗੁਨੀਆਂ ਤੇ ਮਲੇਰੀਆ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ। ਅਧਿਕਾਰੀਆਂ ਨੇ ਅਪੀਲ ਕੀਤੀ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕੂਲਰਾਂ ਦਾ ਪਾਣੀ ਹਰ ਹਫ਼ਤੇ ਬਦਲਿਆ ਜਾਵੇ ਤੇ ਹਰ ਸ਼ੁੱਕਰਵਾਰ ਕੂਲਰ ਖ਼ਾਲੀ ਕਰਕੇ ਸੁਕਾਇਆ ਜਾਵੇ। ਉਨ੍ਹਾਂ ਕਿਹਾ ਕਿ ਛੱਤਾਂ ’ਤੇ ਪੁਰਾਣੇ ਟਾਇਰ, ਪਲਾਸਟਿਕ ਦਾ ਸਾਮਾਨ ਤੇ ਟੁੱਟੇ ਗਮਲੇ ਨਾ ਰੱਖੇ ਜਾਣ, ਦਿਨ ਵੇਲੇ ਵੀ ਮੱਛਰ-ਰੋਕੂ ਉਪਕਰਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਹਮੇਸ਼ਾ ਢੱਕ ਕੇ ਰੱਖੀਆਂ ਜਾਣ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਟੀਮ ਨੇ ਬਦਲਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਵੀ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ। ਇਸ ਮੌਕੇ ਸੈਨੇਟਰੀ ਇੰਸਪੈਕਟਰ ਸੁਯੋਗਤਾ, ਬਰਿੰਦਰਪਾਲ ਸਿੰਘ ਅਤੇ ਸਿਹਤ ਇੰਸਪੈਕਟਰ ਹਰਮਿੰਦਰਪਾਲ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਤੇ ਹਰਜੀਤ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।