ਫ਼ਤਹਿਗੜ੍ਹ ਸਾਹਿਬ, 12 ਜੁਲਾਈ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਮੰਡੀ ਵਿਖੇ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਰਵਾਏ ਕਵੀ ਦਰਬਾਰ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਨਿਭਾਈ ਜਦਕਿ ਬੀਬੀ ਪਰਮਜੀਤ ਕੌਰ ਸਰਹਿੰਦ, ਪ੍ਰੋ. ਸਾਧੂ ਸਿੰਘ ਪਨਾਗ ਤੇ ਅਜਮੇਰ ਸਿੰਘ ਮਾਨ ਪ੍ਰਧਾਨਗੀ ਮੰਡਲ ’ਚ ਸ਼ਾਮਿਲ ਰਹੇ। ਮੀਟਿੰਗ ਵਿਚ ਕਵੀਆਂ ਅਮਰਬੀਰ ਸਿੰਘ ਚੀਮਾ, ਪ੍ਰੋ. ਸਾਧੂ ਸਿੰਘ ਪਨਾਗ, ਅਵਤਾਰ ਸਿੰਘ ਪੁਆਰ, ਅਜਮੇਰ ਸਿੰਘ ਮਾਨ, ਬਲਤੇਜ ਸਿੰਘ ਬਠਿੰਡਾ, ਹਰਜਿੰਦਰ ਸਿੰਘ ਗੋਪਾਲੋਂ, ਭਾਈ ਰਣਜੀਤ ਸਿੰਘ, ਪਰੇਮ ਲਤਾ, ਤਵਿੰਦਰ ਸਿੰਘ ਚੱਢਾ ਤੇ ਸਿਮਰਨਜੀਤ ਸਿੰਘ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਸਮਾਗਮ ਦੇ ਅਖੀਰ ਵਿਚ ਬੀਬੀ ਸਰਹਿੰਦ ਨੇ ਸੁਣਾਈਆਂ ਰਚਨਾਵਾਂ ਦੀ ਪੜਚੋਲ ਕੀਤੀ ਤੇ ਲਿਖਾਰੀ ਸਭਾ ਨਾਲ ਸੰਬੰਧਿਤ ਕੁਝ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਬੀਬੀ ਸਰਹਿੰਦ ਨੇ ਸਰਕਾਰਾਂ ਵਲੋਂ ਸਤਲੁਜ ਫ਼ਿਲਮ ’ਤੇ ਪਾਬੰਦੀ ਲਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ ਜਦਕਿ ਸੱਚ ਪੰਜਾਬ ਦੀ ਜਨਤਾ ਸਾਹਮਣੇ ਆਉਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਲਿਖਾਰੀ ਸਭਾ ਵਲੋਂ ਫ਼ਿਲਮ ’ਤੇ ਲਗਾਈ ਪਾਬੰਦੀ ਖ਼ਤਮ ਕਰਨ ਦੀ ਮੰਗ ਕੀਤੀ।
ਜ਼ਿਲ੍ਹਾ ਲਿਖਾਰੀ ਸਭਾ ਦੀ ਮਹੀਨਾਵਾਰ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ
ਅਜੀਤ ਡੈਸਕ
13-07-2026