ਜਖਵਾਲੀ, 21 ਜੁਲਾਈ (ਨਿਰਭੈ ਸਿੰਘ)-ਅਣਪਛਾਤੇ ਚੋਰਾਂ ਵਲੋਂ ਥਾਣਾ ਮੂਲੇਪੁਰ ਦੇ ਅਧੀਨ ਪਿੰਡ ਮੀਆਂਪੁਰ ਵਿਖੇ ਇਕ ਬਜ਼ੁਰਗ ਕਿਸਾਨ ਕੁਲਵੰਤ ਸਿੰਘ ਦੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕੁਲਵੰਤ ਸਿੰਘ ਅਤੇ ਉਸ ਦੀ ਪਤਨੀ ਸਵਰਨਜੀਤ ਕੌਰ ਨੇ ਦੱਸਿਆ ਕਿ ਉਹ ਅਕਸਰ ਬਿਮਾਰ ਰਹਿਣ ਕਰਕੇ ਰਾਤ ਸਮੇਂ ਆਪਣੀ ਹਰ ਰੋਜ਼ ਵਾਲੀ ਦਵਾਈ ਲੈ ਕੇ ਸੌਂ ਗਈ ਅਤੇ ਉਸ ਦੇ ਪਤੀ ਕੁਲਵੰਤ ਸਿੰਘ ਨੇ ਕਮਰੇ ਵਿਚ ਪਈ ਅਲਮਾਰੀ ਨੂੰ ਜਿੰਦਾ ਲਗਾਕੇ ਚਾਬੀ ਸਿਰਹਾਣੇ ਹੇਠ ਰੱਖ ਕੇ ਸੌਂ ਗਏ। ਜਦੋਂ ਉਹ ਸਵੇਰੇ ਉੱਠੇ ਤਾਂ ਦੇਖਿਆਂ ਕਿ ਕਮਰੇ ਵਿਚ ਪਈ ਅਲਮਾਰੀ ਵਿਚਲਾ ਸਮਾਨ ਖਿੱਲਰਿਆ ਪਿਆ ਸੀ ਤੇ ਚੋਰ ਅਲਮਾਰੀ ਵਿਚੋਂ ਕਰੀਬ 20 ਤੋਲੇ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਸਥਾਨ ’ਤੇ ਪਹੁੰਚੇ ਥਾਣਾ ਮੂਲੇਪੁਰ ਦੇ ਮੁਖੀ ਬਲਜਿੰਦਰ ਸਿੰਘ ਕੰਗ ਨੇ ਕਿਹਾ ਕਿ ਪੁਲਿਸ ਵਲੋਂ ਚੋਰਾਂ ਦੀ ਬਾਰੀਕੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕੱਤਰ ਜਥੇ. ਸੁਖਜੀਤ ਸਿੰਘ ਬਘੌਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ।