ਖਮਾਣੋਂ, 21 ਜੁਲਾਈ (ਜੋਗਿੰਦਰ ਪਾਲ)-ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਪਿੰਡ ਖਮਾਣੋਂ ਖ਼ੁਰਦ ਵਿਖੇ ਕਰਵਾਈ ਗਈ ਇਕ ਮੀਟਿੰਗ ਦੌਰਾਨ ਕਈ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਦੇ ਐਸ.ਸੀ. ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਅਤੇ ਮੰਡਲ ਪ੍ਰਧਾਨ ਦੀਪਕ ਕੁਮਾਰ ਰਾਜੂ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਕੁਲਦੀਪ ਸਿੰਘ ਸਿੱਧੂਪੁਰ ਨੇ ਦਾਅਵਾ ਕੀਤਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਦੇਸ਼ ਦੇ ਹੋਰ ਸੂਬਿਆਂ ਵਾਂਗ ਪੰਜਾਬ ਦੇ ਲੋਕਾਂ ਨੂੰ ਵੀ ਭਾਜਪਾ ਸਰਕਾਰ ਵਿਚ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਦਾ ਲਾਭ ਮਿਲੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਪਹਿਲੀਆਂ ਸਰਕਾਰਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸਿਰਫ਼ ਰਾਜ ਕੀਤਾ ਹੈ ਅਤੇ ਮੌਜੂਦਾ ਸਰਕਾਰ ਨੇ ਕਰਜ਼ਾ ਵਧਾ ਕੇ ਆਮ ਲੋਕਾਂ ’ਤੇ ਵਾਧੂ ਬੋਝ ਪਾਇਆ ਹੈ। ਸਿੱਧੂਪੁਰ ਨੇ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਦੀਪਕ ਕੁਮਾਰ ਰਾਜੂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਗੈਂਗਵਾਰ ਤੇ ਕਤਲਾਂ ਦੀਆਂ ਘਟਨਾਵਾਂ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਮਦਨ ਲਾਲ ਨੰਗਲਾਂ, ਗੁਰਚਰਨ ਸਿੰਘ ਰਾਏਪੁਰ, ਅਵਤਾਰ ਸਿੰਘ ਖਮਾਣੋਂ, ਪ੍ਰਦੀਪ ਕੁਮਾਰ ਤਿਵਾੜੀ, ਜਗਵਿੰਦਰ ਸਿੰਘ ਜੱਸੀ, ਰਾਜਪਾਲ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ, ਜਤਿੰਦਰ ਸਿੰਘ ਜੋਗੀ, ਹਰਦੀਪ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਮਨਜੀਤ ਸਿੰਘ, ਨੀਤੂ ਰਾਣੀ, ਕਮਲਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਜਰਨੈਲ ਕੌਰ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।