ਬਸੀ ਪਠਾਣਾਂ, 23 ਜੁਲਾਈ (ਰਜਿੰਦਰ ਸ਼ਰਮਾ)-ਬਰਨਾਲਾ ’ਚ ਸ਼ਾਂਤਮਈ ਢੰਗ ਨਾਲ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਕਰਕੇ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਸਾਹਮਣੇ ਰਵੱਈਆ ਸਾਹਮਣੇ ਆਇਆ। ਇਹ ਪ੍ਰਗਟਾਵਾ ਕਾਂਗਰਸ ਦੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕੋ ਕਨਵੀਨਰ ਡਾ. ਅਮਨਦੀਪ ਢੋਲੇਵਾਲ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ’ਤੇ ਕੀਤਾ ਲਾਠੀਚਾਰਜ ਬਹੁਤ ਹੀ ਨਿੰਦਣਯੋਗ ਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਕਰਮਚਾਰੀ ਹਨ ਜੋ ਹਰ ਰੋਜ਼ ਗਲੀਆਂ, ਮੁਹੱਲਿਆਂ ਤੇ ਸ਼ਹਿਰਾਂ ਦੀ ਸਫ਼ਾਈ ਕਰਕੇ ਲੋਕਾਂ ਦੀ ਸਿਹਤ ਦੀ ਰੱਖਿਆ ਕਰਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸੁਣਨ ਦੀ ਬਜਾਏ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਖੰਨਾ ’ਚ ਵੀ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਮਗਨਰੇਗਾ ਵਰਕਰਾਂ ’ਤੇ ਪੰਜਾਬ ਪੁਲਿਸ ਵਲੋਂ ਬੇਰਹਿਮੀ ਨਾਲ ਲਾਠੀਚਾਰਜ ਕਰਕੇ ਧੱਕੇਸ਼ਾਹੀ ਕੀਤੀ ਗਈ। ਡਾ. ਢੋਲੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਠੀਚਾਰਜ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੱਢਿਆ ਜਾਵੇ।