ਫ਼ਤਹਿਗੜ੍ਹ ਸਾਹਿਬ, 23 ਜੁਲਾਈ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸ਼ਹਿਰ ਦੇ ਵਸਨੀਕਾਂ ਨੂੰ ਬਣਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਜਿਸ ਦੁਆਰਾ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਜਾਵੇਗਾ। ਇਹ ਪ੍ਰਗਟਾਵਾ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਨੇ ਸਰਹਿੰਦ ਓਵਰ ਬ੍ਰਿਜ ’ਤੇ ਭਾਰੀ ਵਾਹਨਾਂ ਦੀ ਰੋਕ ਲਈ ਬੈਰੀਕੇਡ ਲਗਾਉਣ ਦੀ ਥਾਂ ਦਾ ਜਾਇਜ਼ਾ ਲੈਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰਧਾਨ ਆਸ਼ਾ ਰਾਣੀ ਨੇ ਕਿਹਾ ਕਿ ਨਗਰ ਕੌਂਸਲ ਦੁਆਰਾ ਸ਼ਹਿਰ ਦੇ ਰੁਕੇ ਅਧੂਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੀ ਨਿਗਰਾਨੀ ਹੇਠ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੁਝ ਮਸਲੇ ਰੇਹੜੀਆਂ ਫੜਾਂ ਲਈ ਥਾਂ, ਕੂੜੇ ਦੇ ਡੰਪ ਤੇ ਸੀਵਰੇਜ ਅਤੇ ਇੰਟਰਲਾਕ ਟਾਈਲਾਂ ਦਾ ਕੰਮ ਅਜੇ ਬਾਕੀ ਹਨ, ਜਿਨ੍ਹਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ ਤੇ ਸ਼ਹਿਰ ਵਾਸੀਆਂ ਦੀ ਮੰਗ ਤੇ ਸ਼ਹਿਰ ਅੰਦਰਲੇ ਓਵਰ ਬ੍ਰਿਜ ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਬੰਦ ਕਰਨ ਲਈ ਜਲਦੀ ਹੀ ਬੈਰੀਕੇਡ ਲਗਾਏ ਜਾਣਗੇ ਤਾਂ ਜੋ ਸ਼ਹਿਰ ਅੰਦਰ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਬਲਜਿੰਦਰ ਸਿੰਘ, ਕੌਂਸਲਰ ਅਸੀਸ਼ ਅੱਤਰੀ, ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਜੱਸੀ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।