ਫ਼ਤਹਿਗੜ੍ਹ ਸਾਹਿਬ, 24 ਜੁਲਾਈ (ਮਨਪ੍ਰੀਤ ਸਿੰਘ)-ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਨਵੀਂ ਬਣੀ ਨਗਰ ਕੌਂਸਲ ਦੀ ਪਲੇਠੀ ਮੀਟਿੰਗ ਪ੍ਰਧਾਨ ਆਸ਼ਾ ਰਾਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਕੌਂਸਲਰ, ਕਾਰਜ ਸਾਧਕ ਅਫ਼ਸਰ ਤੇ ਕੌਂਸਲ ਅਧਿਕਾਰੀ ਮੌਜੂਦ ਸਨ। ਮੀਟਿੰਗ ਵਿਚ ਪੇਸ਼ ਕੀਤੇ ਗਏ 13 ਪ੍ਰਸਤਾਵਾਂ ’ਚੋਂ 12 ਨੂੰ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਨ੍ਹਾਂ ਵਿਚ ਮੁੱਖ ਤੌਰ ’ਤੇ 71 ਵੱਖ-ਵੱਖ ਖੇਤਰਾਂ ਵਿਚ 7.05 ਕਰੋੜ ਰੁਪਏ ਦੇ ਵਿਕਾਸ ਕਾਰਜ, ਕੂੜਾ-ਕਰਕਟ ਵੱਖ ਕਰਨ ਵਾਲੇ ਪਲਾਂਟ ਦੀ ਸਥਾਪਨਾ, ਆਵਾਰਾ ਕੁੱਤਿਆਂ ਲਈ ਇਕ ਸੈਂਕਚੂਰੀ ਬਣਾਉਣਾ, ਸ਼ਹਿਰ ਵਿਚ ਘਰ-ਘਰ ਕੂੜਾ ਇਕੱਠਾ ਕਰਨਾ ਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਦੀ ਸਾਫ਼ ਸਫ਼ਾਈ ਆਦਿ ਸ਼ਾਮਿਲ ਸਨ। ਇਸ ਮੌਕੇ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਸ਼ਹਿਰ ਦੇ ਭੀੜ-ਭੜੱਕੇ ਵਾਲੇ ਮੁਹੱਲਿਆਂ ’ਚ ਸਫ਼ਾਈ ਲਈ ਇਕ ਨਵੀਂ ਬੌਬ ਕੈਟ ਮਸ਼ੀਨ ਖ਼ਰੀਦੀ ਜਾਵੇਗੀ, ਜਿਸ ਲਈ ਲਗਪਗ 80 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਕੌਂਸਲ ਪ੍ਰਧਾਨ ਆਸ਼ਾ ਰਾਣੀ ਨੇ ਕਿਹਾ ਕਿ ਸ਼ਹਿਰ ਵਿਚ ਲੋਕਾਂ ਨੂੰ ਕੱਟਣ ਵਾਲੇ ਲਾਵਾਰਸ ਕੁੱਤਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਕਾਰਨ, ਏ. ਬੀ. ਸੀ (ਪਸ਼ੂ ਜਨਮ ਨਿਯੰਤਰਨ) ਯੋਜਨਾ ਤਹਿਤ ਬ੍ਰਾਹਮਣ ਮਾਜਰਾ ਸਰਹਿੰਦ ਵਿਚ ਕੌਂਸਲ ਦੀ ਚਾਰ ਕਨਾਲ ਜ਼ਮੀਨ ’ਤੇ ਕੁੱਤਿਆਂ ਲਈ ਇਕ ਸੈਂਕਚੂਰੀ ਬਣਾਉਣ ਲਈ 49.86 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਸ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼ਹਿਰ ਦੇ ਕੂੜਾ ਡੰਪਿੰਗ ਸੰਕਟ ਨੂੰ ਹੱਲ ਕਰਨ ਲਈ ਕਦਮ ਚੁੱਕੇ ਗਏ ਹਨ, ਜੋ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ’ਤੇ ਸਰਹਿੰਦ ਚੋਅ ਦੇ ਕੰਢੇ ’ਤੇ ਗੈਰ-ਕਾਨੂੰਨੀ ਡੰਪਿੰਗ ਗਰਾਊਂਡ ਨੂੰ ਬੰਦ ਕਰਨ ਤੋਂ ਬਾਅਦ, ਸਦਨ ਨੇ ਜੀ. ਟੀ. ਰੋਡ ਦੇ ਨੇੜੇ 4 ਏਕੜ ਜ਼ਮੀਨ ’ਤੇ ਕੂੜਾ ਵੱਖ ਕਰਨ ਵਾਲੇ ਪਲਾਂਟ ਨੂੰ ਮਨਜ਼ੂਰੀ ਦੇ ਦਿੱਤੀ। ਬਰਸਾਤ ਦੇ ਮੌਸਮ ਦੌਰਾਨ ਨਾਲੀਆਂ ਦੀ ਸਫ਼ਾਈ ਵਿਚ ਤੇਜ਼ੀ ਲਿਆਉਣ ਦੀ ਜ਼ਰੂਰਤ ’ਤੇ ਵੀ ਚਰਚਾ ਕੀਤੀ ਗਈ। ਪ੍ਰਧਾਨ ਆਸ਼ਾ ਰਾਣੀ ਨੇ ਦਾਅਵਾ ਕੀਤਾ ਕਿ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਤੇ ਇਸ ਹਫ਼ਤੇ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਮੀਟਿੰਗ ਤੋਂ ਬਾਅਦ ਵਿਧਾਇਕ ਰਾਏ ਨੇ ਕਿਹਾ ਕਿ ਅੱਜ ਹੋਈ ਸਦਨ ਦੀ ਪਹਿਲੀ ਮੀਟਿੰਗ ਵਿਚ ਨਗਰ ਕੌਂਸਲ ਨਾਲ ਸੰਬੰਧਿਤ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੂੜੇ ਦੇ ਨਿਪਟਾਰੇ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਵੱਲ ਇਕ ਕਦਮ ਚੁੱਕਦੇ ਹੋਏ, 4 ਏਕੜ ਜ਼ਮੀਨ ਅਲਾਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਧਾਨ ਨੇ ਦਾਅਵਾ ਕੀਤਾ ਕਿ ਸ਼ਹਿਰ ਨੂੰ ਜਲਦੀ ਹੀ ਕੂੜਾ ਮੁਕਤ ਬਣਾਇਆ ਜਾਵੇਗਾ। ਮੀਟਿੰਗ ’ਚ ਸੀਨੀਅਰ ਉਪ ਪ੍ਰਧਾਨ ਬਲਜਿੰਦਰ ਸਿੰਘ, ਉਪ ਪ੍ਰਧਾਨ ਜਤਿੰਦਰ ਕੌਰ, ਕੌਂਸਲਰ ਰਾਜ਼ੇਸ ਉੱਪਲ, ਪਾਵੇਲ ਹਾਡਾਂ, ਹਰਕਮਲ ਸਿੰਘ, ਅਸ਼ੀਸ ਅੱਤਰੀ, ਦਵਿੰਦਰ ਕੌਰ, ਬਲਵਿੰਦਰ ਕੌਰ, ਸ਼ਨੀ ਚੋਪੜਾ ਸਮੇਤ ਹੋਰ ਕੌਂਸਲਰ ਵੀ ਮੌਜੂਦ ਸਨ।